ਹਾਂਗਕਾਂਗ : ਹਾਂਗਕਾਂਗ ਦੀ ਮੀਡੀਆ ਦੇ ਬੇਤਾਜ ਬਾਦਸ਼ਾਹ ਜਿੰਮੀ ਲਾਏ ਨੂੰ ਵਿਦੇਸ਼ੀ ਤਾਕਤਾਂ ਨਾਲ ਗੰਢਤੁਪ ਦੇ ਸ਼ੱਕ ਵਿਚ ਸੋਮਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੇ ਸਹਿਯੋਗੀ ਨੇ ਇਹ ਜਾਣਕਾਰੀ ਦਿਤੀ। ਪਿਛਲੇ ਸਾਲ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਸ਼ਹਿਰ ਵਿਚ ਬੀਜਿੰਗ ਵਲੋਂ ਲਾਗੂ ਕੀਤੇ ਗਏ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਇਹ ਸੱਭ ਤੋਂ ਵੱਡੀ ਗ੍ਰਿਫ਼ਤਾਰੀ ਹੈ।
ਵਿਦੇਸ਼ੀ ਸ਼ਕਤੀਆਂ ਨਾਲ ਮਿਲੀਭੁਗਤ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ
ਮਾਰਕ ਸਿਮੋਨ ਨੇ ਟਵਿਟਰ 'ਤੇ ਕਿਹਾ, ''ਜਿੰਮੀ ਲਾਏ ਨੂੰ ਇਸ ਵਕਤ ਵਿਦੇਸ਼ੀ ਸ਼ਕਤੀਆਂ ਨਾਲ ਮਿਲੀਭੁਗਤ ਦੇ ਸਿਲਸਿਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।'' ਹਾਂਗਕਾਂਗ ਪੁਲਿਸ ਨੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਦਾ ਉਲੰਘਣ ਕਰਨ ਦੇ ਸ਼ੱਕ ਵਿਚ ਸੱਤ ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ ਪਰ ਬਿਆਨ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਨਾਵਾਂ ਦਾ ਬਿਊਰਾ ਨਹੀਂ ਦਿਤਾ ਗਿਆ ਹੈ। ਮਸ਼ਹੂਰ ਟੈਬਲਾਈਡ 'ਐਪਲ ਡੇਲੀ' ਦੇ ਮਾਲਕ ਲਾਏ ਹਾਂਗਕਾਂਗ ਵਿਚ ਲੋਕਤੰਤਰ ਦੇ ਸਮਰਥਨ ਵਿਚ ਆਵਾਜ਼ ਚੁੱਕਣ ਵਾਲੀ ਪ੍ਰਮੁਖ ਹਸਤੀ ਹਨ ਅਤੇ ਲਗਾਤਾਰ ਚੀਨ ਦੇ ਬੇਲਗ਼ਾਮ ਸ਼ਾਸਨ ਦੀ ਅਲੋਚਨਾ ਕਰਦੇ ਹਨ। ਰਾਸ਼ਟਰੀ ਸੁਰੱਖਿਆ ਕਾਨੂੰਨ 30 ਜੂਨ ਨੂੰ ਲਾਗੂ ਹੋਇਆ ਸੀ ਅਤੇ ਇਸ ਨੂੰ ਵਿਰੋਧ ਨੂੰ ਦੱਬਣ ਦੇ ਤਰੀਕੇ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਸਿਮੋਨ ਨੇ ਕਿਹਾ ਕਿ ਪੁਲਿਸ ਨੇ ਲਾਏ ਅਤੇ ਉਨ੍ਹਾਂ ਦੇ ਪੁੱਤਰ ਦੋਹਾਂ ਦੇ ਘਰ ਦੇ ਨਾਲ ਹੀ ਮੀਡੀਆ ਸਮੂਹ 'ਨੈਕਸ ਡੀਜ਼ੀਟਲ' ਦੇ ਹੋਰ ਮੈਂਬਰਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ। ਲਾਏ ਵਲੋਂ 'ਐਪਲ ਡੇਲੀ' ਵੀ ਲੋਕਤੰਤਰ ਦੇ ਪੱਖਕਾਰ ਰਿਹਾ ਹੈ ਅਤੇ ਅਕਸਰ ਅਪਣੇ ਪਾਠਕਾਂ ਨੂੰ ਲੋਕਤੰਤਰ ਦੇ ਸਮਰਥਨ ਵਾਲੇ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਦੀ ਅਪੀਲ ਕਰਦਾ ਹੈ।