ਬੁਲੰਦਸ਼ਹਿਰ: ਲੋਕ ਸਭਾ ਚੋਣਾਂ 2019 ਦੇ ਦੂਜੇ ਪੜਾਅ ਦੀਆਂ ਚੋਣਾਂ ਤੋਂ ਠੀਕ 2 ਦਿਨ ਪਹਿਲਾਂ ਉੱਤਰ ਪ੍ਰਦੇਸ਼ ਪੁਲਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬੁਲੰਦਸ਼ਹਿਰ 'ਚ ਚੈਕਿੰਗ ਦੌਰਾਨ ਪੁਲਸ ਨੇ ਭਾਰੀ ਮਾਤਰਾ 'ਚ ਹਥਿਆਰ ਅਤੇ ਸ਼ਰਾਬ ਜ਼ਬਤ ਕੀਤੀ। ਮੰਨਿਆ ਜਾ ਰਾਹ ਹੈ ਕਿ ਦੂਜੇ ਪੜਾਅ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਣੀ ਸੀ।
ਐੱਸ.ਐੱਸ.ਪੀ. ਐੱਨ. ਕੋਲਾਂਚੀ ਅਨੁਸਾਰ 405 ਗੈਰ-ਕਾਨੂੰਨੀ ਹਥਿਆਰ, 739 ਕਾਰਤੂਸ, 2 ਕਰੋੜ ਰੁਪਏ ਦੀ ਸ਼ਰਾਬ ਸਮੇਤ 1.5 ਕਰੋੜ ਰੁਪਏ ਨਕਦ ਵੀ ਜ਼ਬਤ ਕੀਤੇ ਗਏ ਹਨ। ਇਸ ਤੋਂ ਪਹਿਲ ਐਤਵਾਰ ਨੂੰ ਵੀ ਬੁਲੰਦਸ਼ਹਿਰ ਪੁਲਸ ਨੇ ਚੈਕਿੰਗ ਦੌਰਾਨ ਵੋਟਰਾਂ ਨੂੰ ਦੇਣ ਲਈ ਲਿਆਂਦੀ ਜਾ ਰਹੀ 52 ਲੱਖ ਰੁਪਏ ਦੀ ਸ਼ਰਾਬ ਬਰਾਮਦ ਕਰ ਕੇ 2 ਮਾਫੀਆਵਾਂ ਨੂੰ ਗ੍ਰਿਫਤਾਰ ਕੀਤਾ। ਸ਼ਰਾਬ ਡੰਪਰ 'ਚ ਲੱਕੜਾਂ ਦੇ ਹੇਠਾਂ ਲੁਕਾ ਕੇ ਲਿਆਂਦੀ ਜਾ ਰਹੀ ਸੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇੰਨੀਂ ਦਿਨੀਂ ਪੁਲਸ ਵਾਹਨਾਂ ਦੀ ਤਲਾਸ਼ੀ ਲਈ ਚੈਕਿੰਗ ਮੁਹਿੰਮ ਚੱਲਾ ਰਹੀ ਹੈ। ਐੱਸ.ਐੱਸ.ਪੀ. ਕੋਲਾਂਚੀ ਨੇ ਦੱਸਿਆ ਕਿ ਉਹ ਇਸ ਤਰ੍ਹਾਂ ਦੀ ਕਾਰਵਾਈ ਭਵਿੱਖ 'ਚ ਵੀ ਜਾਰੀ ਰੱਖਣਗੇ। ਇਸ ਤਰ੍ਹਾਂ ਦੀ ਵੱਡੀ ਕਾਰਵਾਈ ਤੋਂ ਬਾਅਦ ਪੁਲਸ ਹੋਰ ਵੀ ਸਰਗਰਮ ਹੋ ਗਈ ਹੈ ਅਤੇ ਚੋਣਾਂ ਦੀ ਸੁਰੱਖਿਆ 'ਚ ਸਖਤੀ ਕਰ ਦਿੱਤੀ ਗਈ ਹੈ।