ਹਰਾਰੇ : ਜ਼ਿੰਬਾਬਵੇ ਦੇ ਮਸ਼ੋਨਾਲੈਂਡ ਸੂਬੇ 'ਚ ਸੋਮਵਾਰ ਨੂੰ ਇਕ ਟਰੱਕ ਚਰਚ ਦੇ ਬਾਹਰ ਖੜ੍ਹੇ ਲੋਕਾਂ 'ਤੇ ਚੜ੍ਹ ਗਿਆ, ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 7 ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਦੱਸਿਆ ਕਿ ਚਰਚ ਦੇ ਮੈਂਬਰ ਸਲਾਨਾ ਬੈਠਕ ਕਰਕੇ ਆਏ ਸਨ ਅਤੇ ਘਰਾਂ ਨੂੰ ਜਾਣ ਲਈ ਬਾਹਰ ਖੜ੍ਹੇ ਹੋ ਕੇ ਗੱਡੀ ਦਾ ਇੰਤਜ਼ਾਰ ਕਰ ਰਹੇ ਸਨ ਕਿ ਉਸ ਸਮੇਂ ਇਕ ਟਰੱਕ ਲੋਕਾਂ ਦੀ ਭੀੜ 'ਤੇ ਚੜ੍ਹ ਗਿਆ।ਹਾਦਸੇ 'ਚ 6 ਲੋਕਾਂ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ ਅਤੇ ਹੋਰ 7 ਦੀ ਹਸਪਤਾਲ ਜਾਂਦੇ ਸਮੇਂ ਮੌਤ ਹੋ ਗਈ। ਮਸ਼ੋਨਾਲੈਂਡ ਸੂਬਾ ਮੰਤਰੀ ਦਫਤਰ ਦੇ ਨਿਰਦੇਸ਼ਕ ਮੁਚੇਮਵਾ ਮੁਗਸੀ ਨੇ ਘਟਨਾ ਵਾਲੇ ਥਾਂ ਦਾ ਦੌਰਾ ਕੀਤਾ ਅਤੇ ਕਿਹਾ ਕਿ ਸਲਾਨਾ ਬੈਠਕਾਂ ਦੌਰਾਨ ਸਾਵਧਾਨੀ ਵਰਤਣੀ ਪਵੇਗੀ ਕਿਉਂਕਿ ਚਰਚ ਮੇਨ ਰੋਡ ਦੇ ਨੇੜੇ ਹੈ ਅਤੇ ਇੱਥੋਂ ਕਈ ਵਾਹਨ ਲੰਘਦੇ ਹਨ। ਇਸ ਕਾਰਨ ਹਾਦਸਿਆਂ ਦਾ ਖਤਰਾ ਰਹਿੰਦਾ ਹੈ। ਫਿਲਹਾਲ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।