ਰਾਮ ਰਹੀਮ ਦੀ ਭਗਤ ਹੋਣ ਦਾ ਦਾਅਵਾ ਕਰਨ ਵਾਲੀ ਵੀਰਪਾਲ ਇੰਸਾ ਲਗਾਤਾਰ ਵਿਵਾਦਾਂ 'ਚ ਘਿਰਦੀ ਜਾ ਰਹੀ ਹੈ, ਪਹਿਲਾਂ ਡੇਰਾ ਮੁਖੀ ਦੀ ਡ੍ਰੈੱਸ ਬਾਰੇ ਦਿੱਤੇ ਝੂਠੇ ਬਿਆਨ ਕਾਰਨ ਮਾਫ਼ੀ ਮੰਗਣੀ ਪਈ, ਪਰ ਮਾਫ਼ੀ ਦੌਰਾਨ ਹੀ ਬਲਾਤਕਾਰ ਦੇ ਦੋਸ਼ ਹੇਠ ਸਜਾ ਕੱਟ ਰਹੇ ਰਾਮ ਰਹੀਮ ਦੀ ਤੁਲਣਾ ਗੁਰੂ ਸਾਹਿਬਾਨ ਨਾਲ ਕਰ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ।
ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵੀਰਪਾਲ ਇੰਸਾ ਦੇ ਇਸ ਬਿਆਨ ਨੂੰ ਸਿੱਖ ਕੌਮ ਦੇ ਹਿਰਦੇ ਵਲੂੰਧਰਣ ਵਾਲਾ ਕਰਾਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਬਲਾਤਕਾਰ ਤੇ ਕਤਲ ਵਰਗੇ ਗੁਨਾਹਾਂ 'ਚ ਸਜਾ ਕੱਟ ਰਹੇ ਸ਼ਖਸ ਦੇ ਨਾਮ ਨੂੰ ਗੁਰੂ ਸਾਹਿਬਾਨ ਦੇ ਬਰਾਬਰ ਦਰਸਾਉਣਾ ਇੱਕ ਬੱਜਰ ਗੁਨਾਹ ਹੈ। ਸੁਖਬੀਰ ਬਾਦਲ ਨੇ ਵੀਰਪਾਲ ਦੇ ਇਸ ਬਿਆਨ 'ਤੇ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਉਸ ਖਿਲਾਫ਼ ਧਾਰਮਿਕ ਭਾਵਨਾਵਾਂ ਭਟਕਾਉਣ ਦੀ ਧਾਰਾ 295 ਏ ਤਹਿਤ ਕੇਸ ਦਰਜ ਕਰਵਾਉਣ ਲਈ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।
ਇਸ ਦੇ ਨਾਲ ਹੀ ਅਕਾਲੀ ਦਲ ਪ੍ਰਧਾਨ ਨੇ ਚੰਡੀਗੜ੍ਹ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ 'ਚ ਵੀਰਪਾਲ ਇੰਸਾ ਦੇ ਪਹਿਲੇ ਬਿਆਨ ਪਿੱਛੇ ਦਾ ਸੱਚ ਸਾਹਮਣੇ ਲਿਆਉਣ ਲਈ ਡੁੰਘਾਈ ਨਾਲ ਜਾਂਚ ਕਰਵਾਉਣ ਦੀ ਵੀ ਮੰਗ ਕੀਤੀ ਹੈ, ਬਾਦਲ ਮੁਤਾਬਕ ਵੀਰਪਾਲ ਦਾ ਡ੍ਰੈੱਸ ਵਿਵਾਦ 'ਤੇ ਦਿੱਤਾ ਬਿਆਨ ਕਿਸੇ ਵੱਡੀ ਸਿਆਸੀ ਸਾਜਿਸ਼ ਦਾ ਹਿੱਸਾ ਹੈ। ਉਨ੍ਹਾਂ ਬਿਨਾ ਕਿਸੇ ਦਾ ਨਾਮ ਲਏ ਇਸ ਸਾਜਿਸ਼ ਪਿੱਛੇ ਆਪਣੇ ਰਾਜਨੀਤਕ ਵਿਰੋਧੀਆਂ ਦੇ ਹੋਣ ਦਾ ਸ਼ੰਕਾ ਜਤਾਇਆ ਹੈ। ਫਿਲਹਾਲ ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ 'ਤੇ ਚੰਡੀਗੜ੍ਹ ਪੁਲਿਸ ਕਦੋਂ ਤੱਕ ਕਾਰਵਾਈ ਕਰੇਗੀ, ਜਾਂਚ ਦੌਰਾਨ ਕਿਹੜੇ ਤੱਥ ਸਾਹਮਣੇ ਆਉਣਗੇ, ਜਾਂ ਕੀ ਸੱਚਮੁੱਚ ਹੀ ਇਸ ਪੂਰੇ ਘਟਨਾਕ੍ਰਮ ਪਿੱਛੇ ਕੋਈ ਸਿਆਸੀ ਸਾਜਿਸ਼ ਹੈ, ਦੇਖਣਾ ਹੋਵੇਗਾ।