Tuesday, November 12, 2024
 

ਪੰਜਾਬ

12ਵੀਂ ਦੇ 'ਹੋਣਹਾਰ ਵਿਦਿਆਰਥੀਆਂ' ਨੂੰ ਪੰਜਾਬ ਸਰਕਾਰ ਦੇਵੇਗੀ ਇਨਾਮ

July 26, 2020 09:02 AM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਰਕਾਰੀ ਸਕੂਲ ਦੇ ਨਤੀਜਿਆਂ ਤੋਂ ਕਾਫ਼ੀ ਸੰਤੁਸ਼ਟ ਨਜ਼ਰ ਆ ਰਹੇ ਹਨ। 12ਵੀਂ ਦੇ ਨਤੀਜਿਆਂ ਤੋਂ ਖੁਸ਼ ਹੋ ਕੇ ਕੈਪਟਨ ਨੇ ਹੋਣਹਾਰ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਐਲਾਨ  ‘ਕੈਪਟਨ ਨੂੰ ਸਵਾਲ’ ਪ੍ਰੋਗਾਰਮ ਦੌਰਾਨ ਕੀਤੇ ਗਿਆ। ਉਨ੍ਹਾਂ 12ਵੀਂ ਜਮਾਤ 'ਚੋਂ 98 ਫ਼ੀਸਦੀ ਅੰਕ ਹਾਸਲ ਕਰਨ ਵਾਲੇ 335 ਵਿਦਿਆਰਥੀਆਂ ਲਈ ਪ੍ਰਤੀ ਵਿਦਿਆਰਥੀ 5100 ਰੁਪਏ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸਾਲ ਫਿਰ ਨਿੱਜੀ ਸਕੂਲਾਂ ਨੂੰ ਪਿੱਛੇ ਛੱਡਣ ਲਈ ਸਰਕਾਰੀ ਸਕੂਲਾਂ ਨੂੰ ਮੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ 94.32 ਪਾਸ ਫ਼ੀਸਦੀ ਸਕੂਲ ਬੋਰਡ ਦੇ ਇਤਿਹਾਸ 'ਚ ਹੁਣ ਤੱਕ ਦੀ ਸਭ ਤੋਂ ਵਧੇਰੇ ਹੈ। ਕੋਰੋਨਾ ਆਫ਼ਤ ਕਰਕੇ ਪੈਦਾ ਹੋਏ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਮਿਹਨਤ ਕਰਨ ਵਾਲੇ ਅਧਿਆਪਕਾਂ, ਸਟਾਫ ਅਤੇ ਵਿਦਿਆਰਥੀਆਂ ਸਿਰ ਇਸ ਦਾ ਸਿਹਰਾ ਬੰਨ੍ਹਦਿਆਂ ਮੁੱਖ ਮੰਤਰੀ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ।

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਸਰਕਾਰੀ ਸਕੂਲਾਂ ਦੇ ਦਾਖ਼ਲਿਆਂ 'ਚ 13 ਫ਼ੀਸਦੀ ਦਾ ਵਾਧਾ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਭ ਉਨ੍ਹਾਂ ਦੀ ਸਰਕਾਰ ਵੱਲੋਂ ਸਕੂਲੀ ਸਿੱਖਿਆ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਚੁੱਕੇ ਗਏ ਕਦਮਾਂ ਸਦਕਾ ਸੰਭਵ ਹੋਇਆ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਸਮਾਰਟ ਸਕੂਲ ਬਣਾਉਣ ਦੇ ਨਾਲ-ਨਾਲ ਚੰਗੇ ਅਧਿਆਪਕਾਂ ਦੀ ਭਰਤੀ, ਸਰਹੱਦੀ ਖੇਤਰਾਂ ਲਈ ਸਾਇੰਸ ਅਧਿਆਪਕ ਉਪਲੱਬਧ ਕਰਵਾਉਣੇ ਅਤੇ ਵਿਦਿਆਰਥੀਆਂ ਦੀ  ਹਾਜ਼ਰੀ ਵਧਾਉਣ ਲਈ ਕਦਮ ਚੁੱਕੇ ਗਏ।

ਉਨ੍ਹਾਂ ਕਿਹਾ ਕਿ ਨਕਲ ਅਤੇ ਹੋਰ ਅਣਉਚਿਤ ਰੁਝਾਨਾ ਨੂੰ ਰੋਕਿਆ ਗਿਆ ਅਤੇ ਇਨ੍ਹਾਂ ਸਭ ਕਦਮਾਂ ਨੇ ਸਰਕਾਰੀ ਸਕੂਲਾਂ ਦੇ ਨਤੀਜਿਆਂ 'ਚ ਸੁਧਾਰ ਲਿਆਉਣ ‘ਚ ਯੋਗਦਾਨ ਪਾਇਆ। ਉਨ੍ਹਾਂ ਜ਼ੋਰ ਦਿੱਤਾ ਕਿ ਭਵਿੱਖ ਦੀਆਂ ਨੀਹਾਂ ਮਜ਼ਬੂਤ ਕਰਨ ਲਈ ਚੰਗੀ ਸਕੂਲੀ ਸਿੱਖਿਆ ਬਹੁਤ ਲਾਜ਼ਮੀ ਹੈ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

 
 
 
 
Subscribe