ਡੇਰਾਬੱਸੀ, (ਸੱਚੀ ਕਲਮ ਬਿਊਰੋ) :ਪਿਛਲੇ ਕੁੱਝ ਸਮਾਂ ਪਹਿਲਾ ਪੰਜਾਬ ਭਰ ਵਿੱਚ ਨਸ਼ਿਆ ਕਾਰਨ ਹੋਈਆਂ ਅਨੇਕਾਂ ਮੌਤਾਂ ਨੇ ਪੰਜਾਬ ਵਾਸੀਆਂ ਨੂੰ ਹਲੂਣ ਕੇ ਰੱਖ ਦਿੱਤਾ ਹੈ ਜਿਸ ਕਾਰਨ ਹੁਣ ਪਿੰਡਾਂ ਦੇ ਜਾਗਰੂਕ ਅਤੇ ਸੂਝਵਾਨ ਨੌਜਵਾਨਾ ਨੇ ਨਸ਼ਾ ਤਸਕਰਾ ਨੂੰ ਕਾਬੂ ਕਰਨ ਲਈ ਅੱਗੇ ਆਉਣਾ ਸੁਰੂ ਕਰ ਦਿੱਤਾ ਹੈ। ਜਿਸ ਤਹਿਤ ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਡੇਰਾਜਗਾਧਰੀ ਵਿੱਚ ਕੁਝ ਨੌਜਵਾਨਾਂ ਨੇ ਨਸ਼ੇ ਦੀਆਂ ਗੋਲੀਆਂ ਸਪਲਾਈ ਕਰਦਾ ਇੱਕ ਵਿਆਕਤੀ ਰੰਗੇ ਹੱਥੀ ਫ਼ੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਗੋਲੀਆ ਬਰਾਮਦ ਕਰਕੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ਼ ਕਰਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੀ ਪਹਿਚਾਣ ਤੇਜਿੰਦਰ ਸਿੰਘ ਪੁੱਤਰ ਸਵਰਗੀ ਕੁਲਦੀਪ ਸਿੰਘ ਵਾਸੀ ਭਗਤ ਸਿੰਘ ਨਗਰ ਬਰਵਾਲਾ ਰੋਡ ਡੇਰਾਬੱਸੀ ਦੇ ਤੌਰ 'ਤੇ ਹੋਈ ਹੈ।
ਜਾਣਕਾਰੀ ਮੁਤਾਬਕ ਉਕਤ ਨੌਜਵਾਨ ਡੇਰਾਬੱਸੀ ਦੀ ਡੇਰਾਜਗਾਧਰੀ ਕਾਲੋਨੀ ਸਮੇਤ ਹੋਰਨਾਂ ਪਿੰਡਾਂ ਵਿਚ ਨਸ਼ੀਲੀਆਂ ਗੋਲੀਆ ਸਪਲਾਈ ਕਰਦਾ ਆ ਰਿਹਾ ਸੀ। ਜਿਸਦੀ ਸਥਾਨਕ ਵਸਨੀਕਾਂ ਨੇ ਭਿਣਕ ਲੱਗਣ 'ਤੇ ਉਕਤ ਨੋਜਵਾਨ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਉਸਦੇ ਕੋਲੋਂ 13 ਪੱਤੇ (130 ਗੋਲੀਆ ) ਟਰਾਮਾ ਡੋਲ ਦੀ ਨਸ਼ੀਲੀਆ ਗੋਲੀਆ ਬਰਾਮਦ ਹੋਈਆ। ਇਸ ਘਟਨਾ ਦੀ ਪਿੰਡ ਵਾਸੀਆਂ ਨੇ ਮੌਕੇ ਵੀਡਿਓ ਵੀ ਬਣਾਈ ਗਈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਤਫ਼ਤੀਸੀ ਅਫ਼ਸਰ ਏਐੱਸਆਈ ਗੁਰਦਾਸ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੂੰ ਉਸਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਲਈ ਜੇਲ੍ਹ ਭੇਜ ਦਿੱਤਾ।