ਔਕਲੈਂਡ, (ਏਜੰਸੀ) : ਨਿਊਯਾਰਕ ਦੀ ਇਕ ਅਖ਼ਬਾਰ ਨੇ ਪ੍ਰਗਟਾਵਾ ਕੀਤਾ ਹੈ ਕਿ ਨਿਊਜ਼ੀਲੈਂਡ ਦੀ ਇਕ ਨਰਸ ਲੂਈਸਾ ਅਕਾਬੀ ਜਿਸ ਨੂੰ 5 ਸਾਲ ਪਹਿਲਾਂ ਸੀਰੀਆ ਵਿਚ ਬੰਧਕ ਬਣਾ ਲਿਆ ਗਿਆ ਸੀ, ਅਜੇ ਜ਼ਿੰਦਾ ਹੈ।
ਇਸ ਗੱਲ ਦਾ ਪ੍ਰਗਟਾਵਾ ਰੈੱਡ ਕ੍ਰਾਸ ਵਲੋਂ ਕੀਤਾ ਗਿਆ ਜਿਨ੍ਹਾਂ ਕੋਲ ਦਸੰਬਰ ਮਹੀਨੇ ਦੋ ਵਿਅਕਤੀਆਂ ਨੇ ਕਿਹਾ ਕਿ ਉਸ ਨਰਸ ਨੇ ਉਨ੍ਹਾਂ ਦਾ ਇਲਾਜ ਇਕ ਪਿੰਡ ਸੂਸੁਆ ਵਿਖੇ ਕੀਤਾ ਹੈ। ਇਸ ਨਰਸ ਨੂੰ ਅਕਤੂਬਰ 2013 ਦੇ ਵਿਚ ਬੰਧਕ ਬਣਾ ਲਿਆ ਗਿਆ ਸੀ। ਇਹ ਨਰਸ ਕਿਥੇ ਹੈ, ਇਸ ਬਾਰੇ ਸਿਰਫ਼ ਕਿਆਸ ਕੀਤਾ ਜਾ ਰਿਹਾ ਹੈ ਪਰ ਅਸਲ ਥਾਂ ਦਾ ਪਤਾ ਨਹੀਂ। ਨਿਊਜ਼ੀਲੈਂਡ ਸਰਕਾਰ ਦੇ ਵਿਧਾਨ ਵਿਚ ਅਜਿਹੀ ਵਿਵਸਥਾ ਨਹੀਂ ਹੈ ਕਿ ਬੰਧਕ ਬਣਾਏ ਗਏ ਨੂੰ ਛਡਾਉਣ ਲਈ ਕੋਈ ਫ਼ਿਰੌਤੀ ਦਿਤੀ ਜਾ ਸਕੇ। ਸਰਕਾਰ ਨੇ ਉਸ ਦੀ ਸੁਰੱਖਿਆ ਲਈ ਉਸ ਬਾਰੇ ਸਾਰੀ ਜਾਣਕਾਰੀ ਗੁਪਤ ਰੱਖੀ ਹੋਈ ਸੀ। ਪਿਛਲੇ 156 ਸਾਲਾਂ ਦੇ ਇਤਿਹਾਸ ਵਿਚ ਇਹ ਨਰਸ ਦਾ ਬੰਧਕ ਸਮਾਂ ਸੱਭ ਤੋਂ ਜਿਆਦਾ ਹੋ ਚੁੱਕਾ ਹੈ। ਇਸ ਨਰਸ ਨੂੰ ਛੱਡਣ ਦੇ ਵਾਸਤੇ ਅਤਿਵਾਦੀ ਗਰੁੱਪ ਵਲੋਂ ਰੈਡ ਕ੍ਰਾਸ ਦੇ ਨਾਲ ਫ਼ਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਰੈੱਡ ਕ੍ਰਾਸ ਦੀ ਵੀ ਵਿਵਸਥਾ ਹੈ ਕਿ ਉਹ ਫ਼ਿਰੌਤੀ ਲਈ ਅਜਿਹੀ ਮਾਇਆ ਨਹੀਂ ਦਿੰਦੇ। ਇਸ ਨਰਸ ਦੇ ਪਰਿਵਾਰ ਨੇ ਵੀ ਅਜਿਹੀ ਕੋਈ ਮੰਗ ਨਹੀਂ ਰੱਖੀ ਹੈ। ਇਹ ਨਰਸ ਮੂਲ ਰੂਪ ਦੇ ਵਿਚ ਕੁੱਕ ਆਈਲੈਂਡ ਦੇਸ਼ ਦੀ ਹੈ ਅਤੇ ਓਟਾਕੀ (ਨੇੜੇ ਵਲਿੰਗਟਨ) ਵਿਖੇ ਰਹਿੰਦੀ ਹੁੰਦੀ ਸੀ।