ਮੁਹਾਲੀ : ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਬੀਤੇ ਦਿਨੀਂ ਕੋਰੋਨਾ ਪੌਜ਼ਿਟਿਵ ਆਉਣ ਬਾਅਦ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉੁਨ੍ਹਾਂ ਦੇ ਖੂਨ ਦੇ ਟੈਸਟ ਕੀਤੇ ਗਏ ਅਤੇ ਸਾਰਾ ਕੁੱਝ ਠੀਕ ਪਾਇਆ ਗਿਆ। ਬਾਜਵਾ ਦਾ ਪਰਿਵਾਰ ਕੋਰੋਨਾ ਦੀ ਲਪੇਟ 'ਚ ਆ ਗਿਆ ਹੈ। ਮੰਤਰੀ ਬਾਜਵਾ ਦੀ ਪਤਨੀ ਅਤੇ ਉਨ੍ਹਾਂ ਦੇ ਪੁੱਤਰ ਦੀ ਰਿਪੋਰਟ ਕੋਰੋਨਾ ਪੌਜ਼ਿਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਾਜਵਾ ਦੀ ਸਿਹਤ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਬੁਖਾਰ ਵੀ ਠੀਕ ਹੈ। ਤਾਜ਼ਾ ਜਾਣਕਾਰੀ ਅਨੁਸਾਰ ਬਾਜਵਾ ਨੂੰ ਸ਼ੁੱਕਰਵਾਰ ਤੱਕ ਛੁੱਟੀ ਮਿਲਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਬੀਤੇ ਦਿਨੀਂ ਮਹਿਕਮੇ ਦੇ ਡਾਇਰੈਕਟਰ ਵਿਪੁਲ ਉੱਜਵਲ ਸਮੇਤ ਹੋਰ ਅਧਿਕਾਰੀਆਂ ਨਾਲ ਕਰੀਬ ਇਕ ਘੰਟਾ ਮੀਟਿੰਗ ਕੀਤੀ ਸੀ, ਜਿਸ ਤੋਂ ਬਾਅਦ ਵਿਪੁਲ ਉੱਜਵਲ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ। ਉਨ੍ਹਾਂ ਦੇ ਸੰਪਰਕ 'ਚ ਆਉਣ ਕਾਰਨ ਮੰਤਰੀ ਬਾਜਵਾ ਨੂੰ ਵੀ ਕੋਰੋਨਾ ਹੋ ਗਿਆ। ਬਾਜਵਾ ਦੀ ਰਿਪੋਰਟ ਪੌਜ਼ਿਟਿਵ ਆਉਣ ਮਗਰੋਂ ਉਨ੍ਹਾਂ ਦੇ ਨਿੱਜੀ ਸਟਾਫ਼ ਦੇ ਅੱਧੀ ਦਰਜਨ ਦੇ ਕਰੀਬ ਮੁਲਾਜ਼ਮ ਇਕਾਂਤਵਾਸ 'ਤੇ ਚਲੇ ਗਏ ਹਨ।