ਕੰਨੌਜ : ਕੋਰੋਨਾ ਮਹਾਂਮਾਰੀ ਦੌਰਾਨ ਹੋਰ ਬਿਮਾਰੀਆਂ ਤੋਂ ਪੀੜਤ ਲੋਕ ਇਲਾਜ ਦੀ ਘਾਟ ਕਾਰਨ ਮਰ ਰਹੇ ਹਨ। ਉਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਵਿਚ ਅਜਿਹੀ ਹੀ ਘਟਨਾ ਵੇਖਣ ਨੂੰ ਮਿਲੀ। ਇਥੇ ਵਿਆਹ ਵਾਲੇ ਦਿਨ ਦੁਲਹਨ ਬਿਮਾਰ ਹੋ ਗਈ, ਪਰਵਾਰ ਵਾਲੇ ਉਸ ਨੂੰ ਲੈ ਕੇ ਕੰਨੌਜ ਤੋਂ ਲੈ ਕੇ ਕਾਨਪੁਰ ਤਕ ਭੜਕਦੇ ਰਹੇ ਪਰ ਕਿਸੇ ਵੀ ਡਾਕਟਰ ਨੇ ਉਸ ਦਾ ਇਲਾਜ ਨਹੀਂ ਕੀਤਾ। ਆਖ਼ਰਕਾਰ ਲਾੜੀ ਇਲਾਜ ਦੀ ਘਾਟ ਕਾਰਨ ਦਮ ਤੋੜ ਗਈ।
ਪਿਤਾ ਨੇ ਧੀ ਦੀ ਡੋਲੀ ਦੀ ਧਾਂ ਅਰਥੀ ਨੂੰ ਵਿਦਾਈ ਦੇਣੀ ਪਈ। ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸਨਾਟਾ ਹੈ। ਦਰਅਸਲ, ਕਨੌਜ ਦੇ ਠਠਿਆ ਥਾਣਾ ਖੇਤਰ ਦੇ ਪਿੰਡ ਭਗਤਪੁਰਵਾ ਨਿਵਾਸੀ ਰਾਜ ਕਿਸ਼ੋਰ ਬਾਥਮ ਦੀ 19 ਸਾਲਾ ਧੀ ਵਿਨੀਤਾ ਦਾ ਵਿਆਹ ਸੀ। ਵਿਨੀਤਾ ਦਾ ਵਿਆਹ ਕਾਨਪੁਰ ਦੇਹਾਤ ਜ਼ਿਲ੍ਹੇ ਦੇ ਰਸੂਲਾਬਾਦ ਦੇ ਪਿੰਡ ਅਮਰੂਹੀਆ ਨਿਵਾਸੀ ਸੰਤੋਸ਼ ਦੇ ਪੁੱਤਰ ਸੰਜੈ ਨਾਲ ਹੋਣਾ ਸੀ। ਵਿਆਹ ਵਾਲੇ ਘਰ ਵਿਚ ਚਾਰੇ ਪਾਸੇ ਖ਼ੁਸ਼ੀਆਂ ਸਨ। ਲਾੜਾ ਸੰਜੇ ਬਰਾਤ ਨਾਲ ਭਗਤਪੁਰਵਾ ਪਿੰਡ ਵੀ ਪਹੁੰਚਿਆ ਹੋਇਆ ਸੀ। ਵਿਆਹ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸਨ। ਇਸ ਦੌਰਾਨ ਅਚਾਨਕ ਵਿਨੀਤਾ ਦੀ ਸਿਹਤ ਵਿਗੜ ਗਈ। ਪਰਵਾਰ ਤੁਰਤ ਵਿਨੀਤਾ ਨੂੰ ਇਕ ਨਿੱਜੀ ਹਸਪਤਾਲ ਲੈ ਗਿਆ। ਦੋਸ਼ ਹੈ ਕਿ ਉਥੋਂ ਦੇ ਡਾਕਟਰਾਂ ਨੇ ਕੋਰੋਨਾ ਦੇ ਡਰ ਕਾਰਨ ਇਲਾਜ ਕਰਨ ਤੋਂ ਇਨਕਾਰ ਕਰ ਦਿਤਾ। ਫਿਰ ਸਾਰੇ ਵਿਨੀਤਾ ਨੂੰ ਮੈਡੀਕਲ ਕਾਲਜ ਲੈ ਗਏ।
ਜਿਥੇ ਉਸ ਨੂੰ ਹਲਕੇ ਇਲਾਜ ਤੋਂ ਬਾਅਦ ਕਾਨਪੁਰ ਰੈਫ਼ਰ ਕਰ ਦਿਤਾ ਗਿਆ। ਕਾਨਪੁਰ ਵਿਚ ਵੀ ਡਾਕਟਰਾਂ ਨੇ ਇਲਾਜ ਤੋਂ ਇਨਕਾਰ ਕਰ ਦਿਤਾ। ਇਲਾਜ ਦੀ ਅਣਹੋਂਦ ਕਾਰਨ ਵਿਨੀਤਾ ਨੇ ਦਮ ਤੋੜ ਦਿਤਾ। ਮੌਤ ਦਾ ਪਤਾ ਲੱਗਣ 'ਤੇ ਲਾੜਾ ਸੰਜੇ ਬਰਾਤ ਲੈ ਕੇ ਵਾਪਸ ਤੁਰ ਪਿਆ। ਪੁਲਿਸ ਸੁਪਰਡੈਂਟ ਅਮਰੇਂਦਰ ਪ੍ਰਸਾਦ ਸਿੰਘ ਨੇ ਦਸਿਆ ਕਿ ਜਾਣਕਾਰੀ ਡਾਇਲ 112 ਉਤੇ ਦਿਤੀ ਗਈ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਪੋਸਟ ਮਾਰਟਮ ਦੀ ਰਿਪੋਰਟ ਦੇ ਅਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਮੌਤ ਦਾ ਕਾਰਨ ਕੀ ਰਿਹਾ ਹੈ।