ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿਖਿਆ ਬੋਰਡ 10ਵੀਂ ਤੇ 12ਵੀਂ ਦੀਆਂ ਬਚੀਆਂ ਹੋਈਆਂ ਪ੍ਰੀਖਿਆਵਾਂ ਰੱਦ ਕਰ ਦਿਤੀਆਂ ਹਨ। ਸੀਬੀਐਸਈ ਨੇ ਸੁਪਰੀਮ ਕੋਰਟ ਨੂੰ ਦਿਤੇ ਜਵਾਬ ਵਿਚ ਇਹ ਜਾਣਕਾਰੀ ਦਿਤੀ ਹੈ। ਜਦਕਿ ਪਹਿਲਾਂ ਇਹ ਬਚੀਆਂ ਹੋਈਆਂ ਪ੍ਰੀਖਿਆ 1 ਤੋਂ 15 ਜੁਲਾਈ ਤਕ ਹੋਣੀਆਂ ਸਨ। ਸੀਬੀਐਸਈ ਬੋਰਡ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਕੋਲ ਬਾਅਦ 'ਚ ਪ੍ਰੀਖਿਆ ਦੇਣ ਜਾਂ ਫਿਰ ਪਿਛਲੀ ਤਿੰਨ ਅੰਦਰੂਨੀ ਪ੍ਰੀਖਿਆਵਾਂ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਮੁਲਾਂਕਣ ਦਾ ਰਾਸਤੇ ਦੀ ਚੋਣ ਦਾ ਵਿਕਲਪ ਉਪਲੱਬਧ ਰਹੇਗਾ। ਪਰ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੁੜ ਪ੍ਰੀਖਿਆ ਦਾ ਵਿਕਲਪ ਨਹੀਂ ਹੋਵੇਗਾ।
ਜਸਟਿਸ ਏ.ਐਮ ਖ਼ਾਨਵਿਲਕਰ, ਜਸਟਿਸ ਦਿਨੇਸ਼ ਮਾਹੇਸ਼ਵਰੀ ਅਤੇ ਜਸਟਿਸ ਸੰਜੀਵ ਖੰਨਾ ਦੇ ਬੈਂਚ ਨੇ ਵੀਡੀਉ ਕਾਨਫਰੰਸ ਰਾਹੀਂ ਸੁਣਵਾਈ ਦੌਰਾਨ ਕੇਂਦਰ ਅਤੇ ਸੀਬੀਐਸਈ ਬੋਰਡ ਵਲੋਂ ਸਾਲਿਸੀਟਰ ਜਨਰਲ ਤੁਸ਼ਾਰ ਮਹਿਤਾ ਦੀ ਇਸ ਗੱਲ ਦਾ ਨੋਟਿਸ ਲਿਆ ਕਿ 1 ਤੋਂ 15 ਜੁਲਾਈ ਦੌਰਾਨ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿਤੀਆਂ ਗਈਆਂ ਹਨ।
ਮਹਿਤਾ ਨੇ ਬੈਂਚ ਨੂੰ ਸੂਚਿਤ ਕੀਤਾ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪਿਛਲੀਆਂ ਪ੍ਰੀਖਿਆਵਾਂ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਉਨ੍ਹਾਂ ਦਾ ਮੁਲਾਂਕਣ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ।
ਸੀਬੀਐਸਈ ਨੇ ਕਿਹਾ ਕਿ ਸਥਿਤੀ ਠੀਕ ਹੋਣ 'ਤੇ ਮੁੜ ਪ੍ਰੀਖਿਆਵਾਂ ਆਯੋਜਿਤ ਕੀਤੀਆਂ ਜਾਣਗੀਆਂ ਅਤੇ ਦੁਬਾਰਾ ਪ੍ਰੀਖਿਆ ਦਾ ਵਿਕਲਪ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਉਪਲੱਬਧ ਨਹੀਂ ਹੋਵੇਗਾ।
ਬੈਂਚ ਨੇ ਜਦੋਂ ਇਹ ਸਵਾਲ ਕੀਤਾ ਕਿ ਪ੍ਰੀਖਿਆ ਦੇ ਨਤੀਜੇ ਐਲਾਨ ਕਰਨ ਦੇ ਬਾਅਦ ਕਦੋਂ ਤੋਂ ਨਵਾਂ ਸਿਖਿਅਕ ਸੈਸ਼ਨ ਸ਼ੁਰੂ ਹੋਵੇਗਾ ਤਾਂ ਸੀਬੀਐਸੀਈ ਨੇ ਦਸਿਆ ਕਿ ਪ੍ਰੀਖੀਆ ਦੇ ਨਤੀਜੇ ਮੱਧ ਅਗਸਤ ਤਕ ਐਲਾਨੇ ਜਾ ਸਕਦੇ ਹਨ।
ਇਸ ਵਿਚਾਲੇ, ਆਈਸੀਐਸ ਨੇ ਬੈਂਚ ਨੂੰ ਜਾਣਕਾਰੀ ਦਿਤੀ ਕਿ ਉਹ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਮੁੜ ਪ੍ਰੀਖਿਆ ਦਾ ਵਿਕਲਪ ਉਪਲੱਬਧ ਨਹੀਂ ਕਰਾਏਗੀ ਅਤੇ ਨਤੀਜੇ ਪਿਛਲੇ ਪ੍ਰਦਰਸ਼ਨ ਦੇ ਆਧਾਰ 'ਤੇ ਐਲਾਨੇ ਜਾਣਗੇ।
ਮੁੱਖ ਅਦਾਲਤ ਨੇ ਸੀਬੀਐਸਈ ਅਤੇ ਆਈਸੀਐਸਈ ਨੂੰ ਕਿਹਾ ਕਿ ਉਹ ਵੱਖ ਵੱਖ ਰਾਜਾਂ 'ਚ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਧਿਆਨ ਵਿਚ ਰਖਦੇ ਹੋਏ 12ਵੀਂ ਜਮਾਤ ਲਈ ਦੁਬਾਰਾ ਪ੍ਰੀਖਿਆ, ਅੰਦਰੂਨੀ ਮੁਲਾਂਕਣ, ਪ੍ਰੀਖਿਆ ਨਤੀਜੇ ਦੀ ਤਰੀਖ਼ ਅੇਤ ਮੁੜ ਪ੍ਰੀਖਿਆ ਦੀ ਸਥਿਤੀ ਨਾਲ ਸਬੰਧਤ ਮੁੱਦਿਆਂ 'ਤੇ ਇਕ ਨਵੀਂ ਨੋਟੀਫ਼ਿਕੇਸ਼ਨ ਜਾਰੀ ਕਰਨ।
ਬੈਂਚ ਨੇ ਕਿਹਾ, '' ਤੁਸੀਂ ਕਿਹਾ ਹੈ ਕਿ ਜਦੋਂ ਸਥਿਤੀ ਠੀਕ ਹੋਵੇਗੀ ਤਾਂ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ। ਪਰ ਵੱਖ ਵੱਖ ਰਾਜਾਂ 'ਚ ਸਥਿਤੀ ਵੱਖ ਵੱਖ ਹੋ ਸਕਦੀ ਹੈ। ਕੀ ਇਹ ਫ਼ੈਸਲਾ ਕੇਂਦਰੀ ਅਧਿਕਾਰੀ ਲੈਣਗੇ ਜਾਂ ਰਾਜ ਫ਼ੈਸਲਾ ਲਵੇਗਾ? ਤੁਸੀਂ ਇਸ ਸਥਿਤੀ ਨਾਲ ਕਿਵੇਂ ਨਜਿੱਠੋਗੇ?''
ਬੈਂਚ ਨੇ ਕਿਹਾ ਕਿ ਸੀਬੀਐਸਈ ਦੀ ਨੋਟੀਫ਼ਿਕੇਸ਼ਨ 'ਚ ਅੰਦਰੂਨੀ ਮੁਲਾਂਕਣ ਅਤੇ ਮਿਆਦ ਬਾਰੇ ਸੰਕੇਤ ਦਿਤਾ ਜਾਣਾ ਚਾਹੀਦਾ ਹੈ। ਮਹਿਤਾ ਨੇ ਕਿਹਾ, ''ਇਸ ਸਬੰਧ ਵਿਚ ਕੱਲ ਤਕ ਨੋਟੀਫ਼ਿਕੇਸ਼ਨ ਜਾਰੀ ਕਰ ਦਿਤਾ ਜਾਵੇਗਾ।''