ਲੰਡਨ, (ਏਜੰਸੀ) : ਵਿਗਿਆਨੀਆਂ ਨੇ ਧਰਤੀ ਦੇ ਮਹਾਸਾਗਰਾਂ ਦੇ ਸਭ ਤੋਂ ਡੂੰਘੇ ਹਿੱਸੇ ਮਾਰੀਆਨਾ ਟ੍ਰੈਂਚ ਵਿਚ ਤੇਲ ਪੀਣ ਵਾਲੇ ਜੀਵਾਣੂ ਦਾ ਪਤਾ ਲਗਾਇਆ ਹੈ। ਇਸ ਨਾਲ ਪਾਣੀ ਵਿਚ ਫੈਲੇ ਹੋਏ ਤੇਲ ਨੂੰ ਸਥਾਈ ਤਰੀਕੇ ਨਾਲ ਹਟਾਉਣ ਵਿਚ ਮਦਦ ਮਿਲ ਸਕਦੀ ਹੈ। ਮਾਰੀਆਨਾ ਟ੍ਰੈਂਚ ਪੱਛਮੀ ਪ੍ਰਸ਼ਾਂਤ ਮਹਾਸਾਗਰ ਵਿਚ ਕਰੀਬ 11, 000 ਮੀਟਰ ਦੀ ਡੂੰਘਾਈ 'ਤੇ ਸਥਿਤ ਹੈ।
ਅਧਿਐਨ ਦੀ ਅਗਵਾਈ ਕਰਨ ਵਾਲੇ ਚੀਨ ਦੀ 'ਓਸ਼ਨ ਯੂਨੀਵਰਸਟੀ' ਦੇ ਸ਼ਿਓ ਹੁਆ ਝਾਂਗ ਨੇ ਕਿਹਾ, ''ਸਾਨੂੰ ਮਹਾਸਾਗਰ ਦੇ ਸਭ ਤੋਂ ਡੂੰਘੇ ਹਿੱਸੇ ਦੀ ਬਜਾਇ ਮੰਗਲ ਗ੍ਰਹਿ ਬਾਰੇ ਜ਼ਿਆਦਾ ਜਾਣਕਾਰੀ ਹੈ।'' ਅਜੇ ਤੱਕ ਕੁਝ ਹੀ ਲੋਕਾਂ ਨੇ ਇਸ ਇਕੋਸਿਸਟਮ ਵਿਚ ਰਹਿਣ ਵਾਲੇ ਜੀਵਾਂ ਸਬੰਧੀ ਧਿਐਨ ਕੀਤਾ ਹੈ।
ਬ੍ਰਿਟੇਨ ਦੀ ਈਸਟ ਐਂਗਲੀਆ ਯੂਨੀਵਰਸਟੀ ਦੇ ਜੋਨਾਥਨ ਟੋਡ ਨੇ ਕਿਹਾ, ''ਸਾਡਾ ਦਲ ਮਾਰੀਆਨਾ ਟ੍ਰੈਂਚ ਦੇ ਸਭ ਤੋਂ ਡੂੰਘੇ ਹਿੱਸੇ ਵਿਚ ਲੱਗਭਗ 11, 000 ਮੀਟਰ ਹੇਠਾਂ ਮਾਈਕ੍ਰੋਬੀਅਲ ਜੀਵਾਣੂ ਦੇ ਨਮੂਨੇ ਲੈਣ ਗਿਆ। ਅਸੀਂ ਲਿਆਏ ਗਏ ਨਮੂਨਿਆਂ ਦਾ ਅਧਿਐਨ ਕੀਤਾ। ਜਿਸ ਵਿਚ ਹਾਈਡ੍ਰੋਕਾਰਬਨ ਡੀਗ੍ਰੇਡਿੰਗ ਬੈਕਟੀਰੀਆ ਦੇ ਇਕ ਨਵੇਂ ਸਮੂਹ ਦਾ ਪਤਾ ਲੱਗਾ।''
ਟੋਡ ਨੇ ਇਕ ਬਿਆਨ ਵਿਚ ਕਿਹਾ, ''ਹਾਈਡ੍ਰੋਕਾਰਬਨ ਕਾਰਬਨਿਕ ਯੌਗਿਕ ਹੈ ਜੋ ਹਾਈਡ੍ਰੋਜਨ ਅਤੇ ਕਾਰਬਨ ਪਰਮਾਣੂ ਨਾਲ ਬਣੇ ਹੁੰਦੇ ਹਨ। ਇਹ ਕੱਚੇ ਤੇਲ ਅਤੇ ਕੁਦਰਤੀ ਗੈਸ ਸਮੇਤ ਕਈ ਥਾਵਾਂ 'ਤੇ ਪਾਏ ਜਾਂਦੇ ਹਨ। ਉਨ੍ਹਾਂ ਨੇ ਦਸਿਆ, ''ਇਸ ਤਰ੍ਹਾਂ ਦੇ ਸੂਖਮਜੀਵ ਤੇਲ ਵਿਚ ਮੌਜੂਦ ਯੌਗਿਕਾਂ ਨੂੰ ਖਾ ਜਾਂਦੇ ਹਨ ਅਤੇ ਫਿਰ ਬਾਲਣ ਦੇ ਰੂਪ ਵਿਚ ਇਸ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਦੇ ਸੂਖਮਜੀਵ ਕੁਦਰਤੀ ਆਫ਼ਤ ਨਾਲ ਲੀਕ ਹੋਏ ਤੇਲ ਨੂੰ ਖ਼ਤਮ ਕਰਨ ਵਿਚ ਵੀ ਖ਼ਾਸ ਭੂਮਿਕਾ ਨਿਭਾਉਂਦੇ ਹਨ।''