ਮਥੁਰਾ, (ਏਜੰਸੀ) : ਉੱਤਰ ਪ੍ਰਦੇਸ਼ ਦੇ ਚੋਣ ਦੰਗਲ 'ਚ ਹਰ ਰਾਜਨੇਤਾ ਵੋਟਰਾਂ ਨੂੰ ਆਕਰਸ਼ਤ ਕਰਨ ਦਾ ਯਤਨ ਕਰ ਰਿਹਾ ਹੈ। ਇਸ ਮੌਕੇ 'ਤੇ ਐਤਵਾਰ ਨੂੰ ਮਸ਼ਹੂਰ ਅਦਾਕਾਰ ਧਰਮਿੰਦਰ ਨੇ ਮਥੁਰਾ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਬੀ. ਜੇ. ਪੀ. ) ਦੀ ਉਮੀਦਵਾਰ ਅਤੇ ਅਪਣੀ ਪਤਨੀ ਹੇਮਾ ਮਾਲਿਨੀ ਲਈ ਪ੍ਰਚਾਰ ਕੀਤਾ। ਪ੍ਰਚਾਰ ਦੌਰਾਨ ਉਨ੍ਹਾਂ ਨੇ ਖ਼ੁਦ ਨੂੰ ਕਿਸਾਨ ਦਾ ਬੇਟਾ ਦਸਿਆ।
ਉਨ੍ਹਾਂ ਨੇ ਕਿਹਾ, ''ਮੈਂ ਵੀ ਤੁਹਾਡੇ ਵਰਗਿਆਂ 'ਚੋਂ ਇਕ ਹਾਂ। ਜਦੋਂ ਮੈਂ ਚਾਰ ਸਾਲ ਦਾ ਸੀ ਤਾਂ ਦੇਸ਼ 'ਚ ਅੰਗਰੇਜ਼ਾਂ ਦਾ ਰਾਜ ਸੀ। ਪਿਤਾ ਜੀ ਖੇਤੀ ਕਰਦੇ ਸੀ ਅਤੇ ਸਕੂਲ 'ਚ ਅਧਿਆਪਕ ਵੀ ਸੀ। ਇਹ ਨੌਕਰੀ ਉਨ੍ਹਾਂ ਨੂੰ ਅੰਗਰੇਜਾਂ ਨੇ ਦਿਤੀ ਸੀ। ਮੇਰੀ ਮਾਂ ਮੇਰੇ ਹੱਥਾਂ 'ਚ ਤਿਰੰਗਾ ਦਿੰਦੀ ਸੀ ਅਤੇ ਕਹਿੰਦੀ ਸੀ ਕਿ ਆਜ਼ਾਦੀ ਦੀ ਜੰਗ 'ਚ ਤੂੰ ਵੀ ਜਾ। ਮੈਂ ਸੜਕਾਂ 'ਤੇ ਦੌੜਦਾ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਲਗਾਉਂਦਾ। ਸ਼ਾਮ ਨੂੰ ਬਾਪੂ ਜੀ ਘਰ ਆਉਂਦੇ ਤਾਂ ਝਿੜਕਦੇ ਕਿ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਤਾਂ ਮੇਰੀ ਨੌਕਰੀ ਚਲੀ ਜਾਵੇਗੀ। ਮਾਂ ਕਹਿੰਦੀ ਨੌਕਰੀ ਜਾਂਦੀ ਤਾਂ ਚਲੀ ਜਾਵੇ ਪਰ ਮੈਂ ਆਪਣੇ ਬੇਟੇ ਨੂੰ ਦੇਸ਼ ਭਗਤ ਜ਼ਰੂਰ ਬਣਾਵਾਂਗੀ। ਮੇਰੇ 'ਚ ਦੇਸ਼ ਭਗਤੀ ਦੀ ਇਹ ਨੀਂਹ ਚੌਥੀ ਜਮਾਤ ਤੋਂ ਰੱਖੀ ਗਈ ਸੀ।''
ਪ੍ਰਚਾਰ ਕਰਨ ਲਈ ਨਿਕਲਣ ਤੋਂ ਪਹਿਲਾਂ ਹੇਮਾ ਮਾਲਿਨੀ ਨੇ ਅਪਣੇ ਟਵਿਟਰ ਅਕਾਊਂਟ 'ਤੇ ਇਕ ਫ਼ੋਟੋ ਸ਼ੇਅਰ ਕੀਤੀ, ਜਿਸ 'ਚ ਉਹ ਧਰਮਿੰਦਰ ਦੇ ਨਾਲ ਦਿਖਾਈ ਦੇ ਰਹੀ ਹੈ। ਇਸ ਬਾਰੇ 'ਚ ਉਨ੍ਹਾਂ ਨੇ ਲਿਖਿਆ ਹੈ, ''ਇਹ ਮੇਰੇ ਲਈ ਸਪੈਸ਼ਲ ਦਿਨ ਹੈ, ਧਰਮ ਜੀ ਮੇਰੇ ਲਈ ਚੋਣ ਪ੍ਰਚਾਰ ਕਰਨ ਜਾ ਰਹੇ ਹਨ।''