ਨਵੀਂ ਦਿੱਲੀ : ਭਾਰਤ ਤੇ ਚੀਨ ’ਚ ਸਰਹੱਦ ’ਤੇ ਤਣਾਅ ਹੋਰ ਵਧਦਾ ਦਿਖਾਈ ਦੇ ਰਿਹਾ ਹੈ। ਗਲਵਾਂ ਘਾਟੀ ’ਚ ਪਿੱਛੇ ਹਟਣ ਦੀ ਪ੍ਰਕਿਰਿਆ ਦੌਰਾਨ ਦੋਵਾਂ ਦੇਸ਼ਾਂ ਦੇ ਫ਼ੌਜੀਆਂ ਵਿਚਕਾਰ ਝੜਪ ਹੋਈ। ਇਸ ’ਚ ਭਾਰਤੀ ਫ਼ੌਜ ਦਾ ਇਕ ਅਧਿਕਾਰੀ ਤੇ ਦੋ ਜਵਾਨ ਸ਼ਹੀਦ ਹੋ ਗਏ। ਦੋਵਾਂ ਫ਼ੌਜਾਂ ਦੇ ਸੀਨੀਅਰ ਅਧਿਕਾਰੀ ਸਥਿਤੀ ਨੂੰ ਕਾਬੂ ਕਰਨ ਲਈ ਬੈਠਕ ਕਰ ਰਹੇ ਹਨ। ਭਾਰਤੀ ਫ਼ੌਜ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਤੇ ਚੀਨ ’ਚ ਪਿਛਲੇ ਮਹੀਨੇ ਦੀ ਸ਼ੁਰੂਆਤ ਤੋਂ ਹੀ ਲੱਦਾਖ ਬਾਰਡਰ ਨੇੜੇ ਮਾਹੌਲ ਕਾਫੀ ਤਣਾਅਪੂਰਨ ਬਣਿਆ ਹੋਇਆ ਸੀ। ਮਈ ਮਹੀਨੇ ਦੇ ਸ਼ੁਰੂ ’ਚ ਚੀਨੀ ਫ਼ੌਜ ਨੇ ਭਾਰਤ ਵੱਲੋਂ ਤੈਅ ਕੀਤੀ ਗਈ ਐੱਲਏਸੀ ਨੂੰ ਪਾਰ ਕਰ ਲਿਆ ਸੀ। ਚੀਨੀ ਫ਼ੌਜ ਨੇ ਪੈਂਗੋਂਗ ਝੀਲ, ਗਲਵਾਂ ਘਾਟੀ ਕੋਲ ਆ ਕੇ ਆਪਣੇ ਤੰਬੂ ਲਾ ਲਏ ਸੀ। ਖਬਰਾਂ ਮੁਤਾਬਕ ਇੱਥੇ ਲਗਪਗ ਪੰਜ ਹਜ਼ਾਰ ਫ਼ੌਜੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਫ਼ੌਜੀ ਸਾਜ਼ੋ-ਸਾਮਾਨ ਵੀ ਇਕੱਤਰ ਕੀਤਾ ਗਿਆ ਸੀ। ਚੀਨ ਨੇ ਭਾਰਤ ’ਤੇ ਸਰਹੱਦ ਪਾਰ ਕਰਨ ਤੇ ਉਸ ਦੇ ਫੌਜੀਆਂ ’ਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਚੀਨ ਦੇ ਫੌਜੀ ਜਮਵਾੜੇ ਨੂੰ ਲੈ ਕੇ ਵਿਵਾਦ ਸੁਲਝਾਉਣ ਦੇ ਮੱਦੇਨਜ਼ਰ ਦੋਵੇਂ ਦੇਸ਼ਾਂ ਵਿਚਕਾਰ ਪੂੁਰਬੀ ਲੱਦਾਖ ’ਚ ਬਿ੍ਰਗੇਡ ਕਮਾਂਡਰ ਤੇ ਬਟਾਲੀਅਨ ਕਮਾਂਡਰ ਪੱਧਰ ’ਤੇ ਗੱਲਬਾਤ ਚੱਲ ਰਹੀ ਹੈ। ਫੌਜੀ ਸੂਤਰਾਂ ਦੇ ਮੁਤਾਬਕ ਦੋਵੇਂ ਪੱਖਾਂ ’ਚ ਲਗਾਤਾਰ ਗੱਲਬਾਤ ਜਾਰੀ ਰਹਿਣ ਦੇ ਕਈ ਹੋਰ ਥਾਵਾਂ ’ਤੇ ਦੋਵੇਂ ਦੇਸ਼ਾਂ ਦੀਆਂ ਫੌਜਾਂ ਸੀਮਤ ਰੂਪ ਨਾਲ ਪਿੱਛੇ ਹਟੀਆਂ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨਾਂ ਸੈਨਾ ਦੇ ਮੁਖੀਆਂ ਤੇ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨਾਲ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਨ ਰਾਵਤ ਦੇ ਨਾਲ ਬੈਠਕ ਕੀਤੀ। ਇਸ ਦੌਰਾਨ ਪੂਰਬੀ ਲੱਦਾਖ ਦੇ ਹਾਲ ਦੇ ਘਟਨਾਕ੍ਰਮ ’ਤੇ ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ 70 ਦੇ ਦਹਾਕਿਆਂ ਤੋਂ ਬਾਅਦ ਪਹਿਲੀ ਵਾਰ ਐੱਲ.ਏ.ਸੀ. ’ਤੇ ਭਾਰਤੀ ਜਵਾਨਾਂ ਦੀ ਸ਼ਹਾਦਤ ਹੋਈ ਹੈ। 1962 ’ਚ ਭਾਰਤ ਤੇ ਚੀਨ ਦੀ ਜੰਗ ਹੋਈ ਸੀ। ਇਸ ਤੋਂ ਬਾਅਦ ਸਾਲ 1975 ’ਚ ਐੱਲ.ਏ.ਸੀ. ’ਤੇ ਫਾਈਰਿੰਗ ਹੋਈ ਸੀ। ਜਿਸ ’ਚ ਚਾਰ ਭਾਰਤੀ ਜਵਾਨ ਸ਼ਹੀਦ ਹੋਏ ਸੀ। ਇਸ ਤੋਂ ਬਾਅਦ ਐੱਲ.ਏ.ਸੀ. ’ਤੇ ਕੋਈ ਝੜਪ ਨਹੀਂ ਹੋਈ ਸੀ। ਅੱਜ ਲਗਪਗ 45 ਸਾਲ ਮਗਰੋਂ ਐੱਲ.ਏ.ਸੀ. ’ਤੇ ਭਾਰਤ ਤੇ ਚੀਨੀ ਫੌਜ ਨਾਲ ਹਿੰਸਕ ਝੜਪ ਹੋਈ ਹੈ। ਹਾਲਾਂਕਿ ਖਬਰਾਂ ਮੁਤਾਬਕ ਚੀਨ ਵੱਲ ਵੀ ਨੁਕਸਾਨ ਹੋਇਆ ਹੈ ਪਰ ਚੀਨੀ ਮੀਡੀਆ ਜਾਂ ਫੌਜ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।