ਚੰਡੀਗੜ੍ਹ : ਪੰਜਾਬ ਪੁਲਸ ’ਚ ਭਰਤੀ ਸਬੰਧੀ ਪਾਏ ਜਾ ਰਹੇ ਰੌਲਾ ਦਾ ਅਸਲ ਸੱਚ ਸਾਹਮਣੇ ਆ ਗਿਆ ਹੈ। ਪੰਜਾਬ ਪੁਲਸ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਪਾਏ ਜਾ ਰਹੇ ਦਸਤਾਵੇਜ਼ ਬਿਲਕੁਲ ਜਾਅਲੀ ਹਨ ਅਤੇ ਸਿਪਾਹੀਆਂ ਦੀਆਂ ਆਸਾਮੀਆਂ ਭਰਨ ਲਈ ਆਨਲਾਈਨ ਅਰਜ਼ੀਆਂ ਸਬੰਧੀ ਕੋਈ ਇਸ਼ਤਿਹਾਰ ਜਾਰੀ ਨਹੀਂ ਕੀਤਾ। ਮਹਿਕਮੇ ਦੇ ਬੁਲਾਰੇ ਨੇ ਦੱਸਿਆ ਕਿ ਪੁਲਸ ਮਹਿਕਮੇ ਨੇ ਆਮ ਜਨਤਾ ਨੂੰ ਪੁਰਸ਼ ਅਤੇ ਔਰਤ ਸਿਪਾਹੀ ਭਰਤੀ-2020 (ਜ਼ਿਲ੍ਹਾ ਪੁਲਸ ਕਾਡਰ ਅਤੇ ਆਰਮਡ ਪੁਲਸ ਕਾਡਰ) ਨਾਂ ਹੇਠ ਛਪੇ ਇਸ਼ਤਿਹਾਰਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰਨ ਲਈ ਕਿਹਾ ਹੈ। ਬੁਲਾਰੇ ਨੇ ਕਿਹਾ ਕਿ ਇਸ ਇਸ਼ਤਿਹਾਰ ’ਚ ਕੋਈ ਸੱਚਾਈ ਨਹੀਂ ਹੈ, ਦਸਤਾਵੇਜ਼ ਦੇ ਇਕ ਪ੍ਰਮਾਣ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਪੁਲਸ ਦੇ ਪੁਰਾਣੇ ਇਸ਼ਤਿਹਾਰਾਂ ’ਚੋਂ ਇਕੱਤਰ ਕੀਤੀ ਸਮੱਗਰੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਵਰਤੀ ਗਈ ਹੈ। ਇਸ ਸਬੰਧੀ ਸਾਈਬਰ ਸੈੱਲ ਵਿਖੇ ਧੋਖਾਧੜੀ, ਪਛਾਣ ਲੁਕਾਉਣ, ਜਾਅਲਸਾਜ਼ੀ ਅਤੇ ਹੋਰ ਦੋਸ਼ਾਂ ਸਬੰਧੀ ਕੇਸ ਦਰਜ ਕੀਤਾ ਗਿਆ ਹੈ।