Friday, November 22, 2024
 

ਰਾਸ਼ਟਰੀ

ਲਦਾਖ਼ ਵਿਵਾਦ : ਭਾਰਤ ਹੁਣ ਕਮਜ਼ੋਰ ਮੁਲਕ ਨਹੀਂ ਰਿਹਾ : ਰਾਜਨਾਥ

June 14, 2020 09:16 PM

ਨਵੀਂ ਦਿੱਲੀ : ਲਦਾਖ਼ ਸਰਹੱਦ 'ਤੇ ਪਏ ਚੀਨ ਨਾਲ ਰੇੜਕੇ ਵਿਚਾਲੇ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਅਪਣੇ 'ਕੌਮੀ ਮਾਣ' ਨਾਲ ਕਦੇ ਸਮਝੌਤਾ ਨਹੀਂ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੀ ਸੁਰੱਖਿਆ ਸਮਰੱਥਾ ਵਧੀ ਹੈ ਅਤੇ ਹੁਣ ਇਹ ਕਮਜ਼ੋਰ ਦੇਸ਼ ਨਹੀਂ ਰਿਹਾ।  ਜੰਮੂ ਕਸ਼ਮੀਰ ਲਈ ਡਿਜੀਟਲ ਤਰੀਕੇ ਨਾਲ 'ਜਨ ਸੰਵਾਦ' ਰੈਲੀ ਨੂੰ ਸੰਬੋਧਤ ਕਰਦਿਆਂ ਰਾਜਨਾਥ ਸਿੰਘ ਨੇ ਵਿਰੋਧੀ ਧਿਰ ਨੂੰ ਭਰੋਸਾ ਦਿਤਾ ਕਿ ਕੇਂਦਰ ਸਰਕਾਰ ਸਰਹੱਦ 'ਤੇ ਕਿਸੇ ਵੀ ਘਟਨਾਕ੍ਰਮ ਬਾਰੇ ਸੰਸਦ ਜਾਂ ਕਿਸੇ ਨੂੰ ਵੀ ਹਨੇਰੇ ਵਿਚ ਨਹੀਂ ਰੱਖੇਗੀ ਅਤੇ ਢੁਕਵੇਂ ਸਮੇਂ 'ਤੇ ਜਾਣਕਾਰੀਆਂ ਸਾਂਝੀਆਂ ਕਰੇਗੀ। ਉਨ੍ਹਾਂ ਕਿਹਾ ਕਿ ਭਾਰਤ ਸੁਰੱਖਿਆ ਦੇ ਮਾਮਲੇ ਵਿਚ ਮਜ਼ਬੂਤ ਹੋ ਗਿਆ ਹੈ। 

'ਕੌਮੀ ਮਾਣ' ਨਾਲ ਕਦੇ ਸਮਝੌਤਾ  ਨਹੀਂ ਕੀਤਾ ਜਾਵੇਗਾ

ਭਾਰਤ ਹੁਣ ਕਮਜ਼ੋਰ ਦੇਸ਼ ਨਹੀਂ ਰਿਹਾ ਪਰ ਇਹ ਤਾਕਤ ਕਿਸੇ ਨੂੰ ਡਰਾਉਣ ਲਈ ਨਹੀਂ। ਜੇ ਦੇਸ਼ ਅਪਣੀ ਤਾਕਤ ਵਧਾ ਰਿਹਾ ਹੈ ਤਾਂ ਇਹ ਦੇਸ਼ ਦੀ ਸੁਰੱਖਿਆ ਲਈ ਹੈ। ਮਕਬੂਜ਼ਾ ਕਸ਼ਮੀਰ ਬਾਰੇ ਗੱਲ ਕਰਦਿਆਂ ਰਖਿਆ ਮੰਤਰੀ ਨੇ ਕਿਹਾ ਕਿ ਮਕਬੂਜ਼ਾ ਕਸ਼ਮੀਰ ਭਾਰਤ ਦਾ ਹਿੱਸਾ ਹੈ ਅਤੇ ਬਣਿਆ ਰਹੇਗਾ। ਉਨ੍ਹਾਂ ਕਿਹਾ ਕਿ ਚੀਨ ਨੇ ਗੱਲਬਾਤ ਜ਼ਰੀਏ ਭਾਰਤ ਨਾਲ ਵਿਵਾਦ ਨੂੰ ਹੱਲ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ ਅਤੇ ਭਾਰਤ ਸਰਕਾਰ ਦੀ ਵੀ ਇਹੋ ਰਾਏ ਹਨ। ਉਨ੍ਹਾਂ ਕਿਹਾ, 'ਸਾਡੀ ਵੀ ਫ਼ੌਜ ਅਤੇ ਕੂਟਨੀਤਕ ਪੱਧਰ 'ਤੇ ਗੱਲਬਾਤ ਜ਼ਰੀਏ ਤਣਾਅ ਖ਼ਤਮ ਕਰਨ ਦੀ ਕੋਸ਼ਿਸ਼ ਹੈ। ਦੋਵੇਂ ਦੇਸ਼ ਫ਼ੌਜੀ ਪੱਧਰ 'ਤੇ ਗੱਲਬਾਤ ਕਰ ਰਹੇ ਹਨ।' ਵਿਵਾਦ ਦੇ ਸਬੰਧ ਵਿਚ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਅਤੇ ਚੀਨ ਵਿਚਾਲੇ ਵਿਵਾਦ ਪੈਦਾ ਹੋਇਆ ਹੈ ਅਤੇ ਕੁੱਝ ਲੋਕ ਪੁੱਛ ਰਹੇ ਹਨ ਕਿ ਲਦਾਖ਼ ਵਿਚ ਭਾਰਤ ਚੀਨ ਸਰਹੱਦ 'ਤੇ ਕੀ ਹੋ ਰਿਹਾ ਹੈ। ਰਖਿਆ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜਮਹੂਰੀਅਤ ਵਿਚ ਵਿਰੋਧੀ ਧਿਰ ਦੇ ਰੋਲ ਨੂੰ ਅਹਿਮੀਅਤ ਦਿੰਦੀ ਹੈ ਅਤੇ ਉਸ ਦਾ ਸਨਮਾਨ ਕਰਦੀ ਹੈ। ਰਖਿਆ ਮੰਤਰੀ ਨੇ ਕਿਹਾ ਕਿ ਭਾਰਤ ਅਪਣੀ ਤਾਕਤ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਫ਼ੇਲ ਲੜਾਕੂ ਜਹਾਜ਼ ਜੁਲਾਈ ਵਿਚ ਦੇਸ਼ ਵਿਚ ਪਹੁੰਚੇਗਾ ਅਤੇ ਹਵਾ ਵਿਚ ਹਮਲੇ ਕਰਨ ਦੀ ਸਮਰੱਥਾ ਨੂੰ ਵਧਾਏਗਾ।

 

Have something to say? Post your comment

 
 
 
 
 
Subscribe