ਜੰਮੂ-ਕਸ਼ਮੀਰ ਦੇ ਪਹਿਲਗਾਮ ਨੇੜਲੇ ਬੈਸਰਨ ਇਲਾਕੇ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ, ਜਿਸ ਵਿੱਚ 26 ਲੋਕਾਂ ਦੀ ਮੌਤ ਹੋਈ, ਵਿੱਚ ਪਾਕਿਸਤਾਨ ਵਲੋਂ ਨਵਾਂ ਬਿਆਨ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ "ਨਿਰਪੱਖ, ਪਾਰਦਰਸ਼ੀ ਅਤੇ ਭਰੋਸੇਯੋਗ ਜਾਂਚ" ਵਿੱਚ ਭਾਗ ਲੈਣ ਲਈ ਤਿਆਰ ਹੈ।
ਸ਼ਹਬਾਜ਼ ਨੇ ਇਹ ਗੱਲ ਐਬੋਟਾਬਾਦ ਵਿੱਚ ਇਕ ਸੈਨਾ ਅਕਾਦਮੀ ਦੇ ਸਮਾਗਮ ਦੌਰਾਨ ਕਹੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜ "ਕਿਸੇ ਵੀ ਹਮਲੇ ਜਾਂ ਉਕਸਾਏ ਗਏ ਰਣਨੀਤਿਕ ਕਦਮ" ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਯੋਗ ਅਤੇ ਤਿਆਰ ਹੈ। ਉਨ੍ਹਾਂ ਨੇ 2019 ਦੇ ਫਰਵਰੀ ਮਹੀਨੇ ਭਾਰਤ ਵੱਲੋਂ ਹੋਏ ਹਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ "ਮਾਪਿਆਂ ਹੋਏ ਪਰ ਅਟੱਲ ਜਵਾਬ" ਰਾਹੀਂ ਆਪਣੀ ਰਣਨੀਤਿਕ ਤਾਕਤ ਦਿਖਾਈ ਸੀ।
ਖ਼ਵਾਜਾ ਆਸਿਫ ਨੇ ਦਿੱਤਾ ਸੀ ਇਸ਼ਾਰਾ
ਇਸ ਤੋਂ ਪਹਿਲਾਂ, ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ ਨੇ New York Times ਨਾਲ ਗੱਲ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ "ਅੰਤਰਰਾਸ਼ਟਰੀ ਜਾਂਚਕਾਰੀਆਂ" ਵੱਲੋਂ ਕੀਤੀ ਜਾਂਚ ਵਿੱਚ ਸਹਿਯੋਗ ਦੇਣ ਲਈ ਤਿਆਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਨੇ ਬਿਨਾਂ ਕਿਸੇ ਸਬੂਤ ਜਾਂ ਜਾਂਚ ਦੇ ਹੀ ਪਾਕਿਸਤਾਨ ਵਿਰੁੱਧ ਕਾਰਵਾਈਆਂ ਕੀਤੀਆਂ।
ਭਾਰਤ ਵੱਲੋਂ ਕੜੀਆਂ ਕਾਰਵਾਈਆਂ
ਪਹਿਲਗਾਮ ਹਮਲੇ ਦੇ ਬਾਅਦ, ਭਾਰਤ ਨੇ ਪਾਕਿਸਤਾਨ ਵਿਰੁੱਧ ਕਈ ਵੱਡੇ ਅਤੇ ਸਖ਼ਤ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਇੰਡਸ ਵਾਟਰ ਟ੍ਰੀਟੀ ਨੂੰ ਮੁਅੱਤਲ ਕਰਨਾ, ਅਟਾਰੀ ਬਾਰਡਰ ਉੱਤੇ ਇੰਟੈਗਰੇਟਡ ਚੈੱਕ ਪੋਸਟ ਨੂੰ ਬੰਦ ਕਰਨਾ ਅਤੇ ਭਾਰਤ ਵਿੱਚ ਪਾਕਿਸਤਾਨੀ ਉੱਚਾਇੋਗ ਦੀ ਗਿਣਤੀ ਘਟਾਉਣਾ ਸ਼ਾਮਲ ਹੈ। ਉੱਥੇ ਹੀ, ਅਟਾਰੀ ਰਾਹੀਂ ਭਾਰਤ ਆਏ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ 1 ਮਈ ਤੱਕ ਦੇਸ਼ ਛੱਡਣ ਦਾ ਹੁਕਮ ਦਿੱਤਾ ਗਿਆ ਹੈ।
ਆਸਿਫ ਨੇ ਇੰਡਸ ਵਾਟਰ ਟ੍ਰੀਟੀ ਦੀ ਮੁਅੱਤਲੀ ਨੂੰ "ਭਾਰਤ ਦੀ ਘਰੇਲੂ ਰਾਜਨੀਤੀ" ਨਾਲ ਜੋੜਦਿਆਂ ਕਿਹਾ ਕਿ ਦਿੱਲੀ ਨੇ ਇਹ ਕਦਮ ਜਾਇਜ਼ ਜਾਂਚ ਤੋਂ ਬਿਨਾਂ ਲਏ ਹਨ।
ਉਨ੍ਹਾਂ ਚੇਤਾਵਨੀ ਦਿੱਤੀ ਕਿ "ਜੇਕਰ ਇਹ ਯੁੱਧ ਭੜਕਿਆ ਤਾਂ ਇਹ ਪੂਰੇ ਖੇਤਰ ਲਈ ਬਿਪਤਾ ਸਾਬਤ ਹੋ ਸਕਦਾ ਹੈ।"
ਮੋਦੀ ਦੀ ਕੜੀ ਚੇਤਾਵਨੀ
ਦੂਜੇ ਪਾਸੇ, ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਪਹਿਲਗਾਮ ਹਮਲੇ ਤੋਂ ਬਾਅਦ ਕਹਿ ਦਿੱਤਾ ਕਿ ਅੱਤਵਾਦੀਆਂ ਅਤੇ ਉਨ੍ਹਾਂ ਦੇ ਪਿਛੋਕੜ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਬਿਹਾਰ ਦੀ ਧਰਤੀ ਤੋਂ ਸੰਬੋਧਨ ਕਰਦਿਆਂ ਕਿਹਾ, "ਭਾਰਤ ਹਰ ਅੱਤਵਾਦੀ ਅਤੇ ਉਸ ਦੇ ਸਮਰਥਕ ਨੂੰ ਪਛਾਣੇਗਾ, ਲੱਭੇਗਾ ਅਤੇ ਸਜ਼ਾ ਦੇਵੇਗਾ। ਅਸੀਂ ਉਨ੍ਹਾਂ ਦਾ ਪਿੱਛਾ ਧਰਤੀ ਦੇ ਛੋਟੇ ਤੋਂ ਛੋਟੇ ਕੋਨੇ ਤੱਕ ਕਰਾਂਗੇ। ਭਾਰਤ ਦੀ ਆਤਮਾ ਨੂੰ ਅੱਤਵਾਦ ਨਾਲ ਨਹੀਂ ਝੁਕਾਇਆ ਜਾ ਸਕਦਾ। ਅੱਤਵਾਦ ਨੂੰ ਕੋਈ ਛੁਟ ਨਹੀਂ ਮਿਲੇਗੀ।"
ਉਨ੍ਹਾਂ ਕਿਹਾ, "ਜਿਹੜੇ ਇਸ ਹਮਲੇ ਵਿੱਚ ਸ਼ਾਮਲ ਸਨ ਜਾਂ ਜਿਹੜਿਆਂ ਨੇ ਇਸ ਦੀ ਸਾਜ਼ਿਸ਼ ਰਚੀ, ਉਨ੍ਹਾਂ ਨੂੰ ਉਮੀਦ ਤੋਂ ਵੀ ਵੱਧ ਕੜੀ ਸਜ਼ਾ ਮਿਲੇਗੀ।"