ਚੰਡੀਗੜ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਸਰਤੇਜ ਸਿੰਘ ਨਰੂਲਾ ਨੂੰ ਪੰਜਾਬ ਪੁਲਿਸ ਨੇ ਸਾਬਕਾ ਡਾਇਰੈਕਟਰ-ਜਨਰਲ ਪੁਲਿਸ ਸੁਮੇਧ ਸਿੰਘ ਸੈਣੀ ਵਿਰੁਧ ਦਰਜ ਕੀਤੇ ਬਲਵੰਤ ਸਿੰਘ ਮੁਲਤਾਨੀ ਅਗ਼ਵਾ ਅਤੇ ਖੁਰਦ-ਬੁਰਦ ਕੇਸ ਵਿਚ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਹੈ। ਮੋਹਾਲੀ ਦੇ ਮਟੌਰ ਥਾਣੇ ਵਿਚ ਸੈਣੀ ਤੇ ਹੋਰਨਾਂ ਪੁਲਿਸ ਮੁਲਾਜ਼ਮਾਂ ਵਿਰੁਧ ਇਹ ਕੇਸ ਦਰਜ ਕੀਤਾ ਗਿਆ ਹੈ।
1991 ਦੇ ਅਗ਼ਵਾ ਮਾਮਲੇ ਵਿਚ ਸੁਪਰੀਮ ਕੋਰਟ ਵਲੋਂ ਕੇਂਦਰੀ ਜਾਂਚ ਬਿਊਰੋ (CBI) ਦੁਆਰਾ ਦਰਜ ਕੀਤੀ ਗਈ ਇਕ ਪੁਰਾਣੀ FIR ਨੂੰ ਰੱਦ ਕਰਨ ਦੇ ਅੱਠ ਸਾਲਾਂ ਤੋਂ ਬਾਅਦ ਇਹ ਤਾਜ਼ਾ FIR ਦਰਜ ਕੀਤੀ ਗਈ ਹੈ। ਮੁਹਾਲੀ ਪੁਲਿਸ ਨੇ ਅਗ਼ਵਾ ਅਤੇ ਹੋਰਨਾਂ ਅਪਰਾਧਾਂ ਲਈ ਦਰਜ ਕੀਤੀ ਗਈ ਐਫਆਈਆਰ ਦੀ ਪੜਤਾਲ ਲਈ ਪਹਿਲਾਂ ਹੀ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਦਸਣਯੋਗ ਹੈ ਕਿ ਇਸ ਮਾਮਲੇ ਵਿਚ CBI ਪਹਿਲਾਂ ਹੀ ਪੈਰ ਪਿਛੇ ਖਿੱਚ ਚੁੱਕੀ ਹੈ। ਇੰਨਾ ਹੀ ਨਹੀਂ ਪੰਜਾਬ ਪੁਲਿਸ ਵਲੋਂ ਚੰਡੀਗੜ• ਅਦਾਲਤ ਵਿਚ ਸੀਬੀਆਈ ਤੋਂ ਰੀਕਾਰਡ ਲੈਣ ਵਾਸਤੇ ਕੀਤੀ ਗਈ ਪਹੁੰਚ ਵੀ ਹਾਲ ਦੀ ਘੜੀ ਕੋਈ ਲਾਹੇਵੰਦੀ ਸਾਬਤ ਹੁੰਦੀ ਨਜ਼ਰ ਨਹੀਂ ਆ ਰਹੀ।
ਕਿਉਂਕਿ ਅਦਾਲਤ ਵਿਚ ਹੀ ਸੀਬੀਆਈ ਬੀਤੇ ਹਫ਼ਤੇ ਰੀਕਾਰਡ ਮੌਜੂਦ ਨਾ ਹੋਣ ਦੀ ਦਲੀਲ ਦੇ ਕੇ ਇਕ ਤਰ•ਾਂ ਨਾਲ ਪੱਲਾ ਝਾੜਨ ਦੀ ਕੋਸ਼ਿਸ਼ ਕਰ ਚੁੱਕੀ ਹੈ। ਪਰ ਪੰਜਾਬ ਪੁਲਿਸ ਦਾ ਦਰਦ ਜਾਰੀ ਹੈ। ਤਾਜ਼ਾ ਦਰਜ ਐਫ਼.ਆਈ.ਆਰ ਮੁਤਾਬਕ ਬਲਵੰਤ ਸਿੰਘ ਮੁਲਤਾਨੀ ਚੰਡੀਗੜ• ਇੰਡਸਟ੍ਰੀਅਲ ਐਂਡ ਟੂਰੀਜ਼ਮ ਕਾਰਪੋਰੇਸ਼ਨ ਵਿਚ ਜੂਨੀਅਰ ਇੰਜੀਨੀਅਰ ਸਨ। ਉਸ ਵੇਲੇ ਫ਼ੇਜ਼-7 ਮੁਹਾਲੀ ਦੇ ਰਹਿਣ ਵਾਲੇ ਮੁਲਤਾਨੀ ਨੂੰ 1991 ਵਿਚ ਸੈਣੀ ਜਦੋਂ ਚੰਡੀਗੜ• ਦੇ SSP ਸੀ ਤਾਂ ਉਸ 'ਤੇ ਹੋਏ ਹਮਲੇ ਤੋਂ ਬਾਅਦ ਮੁਲਤਾਨੀ ਨੂੰ ਪੁਲਿਸ ਲੈ ਗਈ ਸੀ। ਜਿਸ ਮਗਰੋਂ ਉਸ ਦਾ ਖੁਰਾ ਖੋਜ ਨਹੀਂ ਲੱਭਿਆ। ਹੁਣ ਸੁਮੇਧ ਸੈਣੀ ਵਿਰੁਧ ਕੇਸ ਬਲਵੰਤ ਸਿੰਘ ਮੁਲਤਾਨੀ ਦੇ ਭਰਾ ਅਤੇ ਜਲੰਧਰ ਦੇ ਵਸਨੀਕ ਪਲਵਿੰਦਰ ਸਿੰਘ ਮੁਲਤਾਨੀ ਵਲੋਂ ਤਾਜ਼ਾ ਅਰਜ਼ੀ ਦੇ ਆਧਾਰ 'ਤੇ ਦਰਜ ਕੀਤਾ ਗਿਆ ਹੈ।