ਨਵੀਂ ਦਿੱਲੀ: ਦੁਨੀਆਂ ਵਿਚ ਤਬਾਹੀ ਮਚਾ ਰਹੇ ਕੋਰੋਨਾਵਾਇਰਸ ਨੂੰ ਠੱਲ੍ਹ ਪਾਉਣ ਲਈ ਵਿਗਿਆਨੀ ਦਿਨ ਰਾਤ ਦਵਾਈ ਦੀ ਖੋਜ ਵਿਚ ਜੁਟੇ ਹੋਏ ਹਨ। ਹੁਣ ਵਿਗਿਆਨੀਆਂ ਨੇ ਕੋਰੋਨਾਵਾਇਰਸ ਨੂੰ ਖ਼ਤਮ ਕਰਨ ਦਾ ਇਲਾਜ ਲੱਭ ਲਿਆ ਹੈ। ਇਹ ਇਲਾਜ ਗਾਂ ਦੇ ਸਰੀਰ ਵਿਚ ਹੈ। ਗਾਂ ਦੇ ਸਰੀਰ ਵਿਚੋਂ ਐਂਟੀਬਾਡੀਜ਼ ਦੀ ਵਰਤੋਂ ਨਾਲ ਕੋਰੋਨਾ ਦੇ ਖ਼ਾਤਮੇ ਵਿਚ ਸਫ਼ਲਤਾ ਮਿਲ ਸਕਦੀ ਹੈ। ਅਮਰੀਕਾ ਦੀ ਇਕ ਬਾਇਉਟੈਕ ਕੰਪਨੀ ਸੈਬ ਬਾਇਉਥੈਰਾਪਿਊਟਿਕਸ ਨੇ ਇਹ ਦਾਅਵਾ ਕੀਤਾ ਹੈ। ਕੰਪਨੀ ਜਲਦ ਹੀ ਅਪਣਾ ਕਲੀਨਿਕਲ ਟ੍ਰਾਇਲ ਸ਼ੁਰੂ ਕਰਨ ਜਾ ਰਹੀ ਹੈ। ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਵਿਚ ਛੂਤ ਦੀਆਂ ਬੀਮਾਰੀਆਂ ਦੇ ਡਾਕਟਰ ਅਮੇਸ਼ ਅਦਾਲੱਜਾ ਨੇ ਕਿਹਾ ਕਿ ਇਹ ਦਾਅਵਾ ਬਹੁਤ ਸਕਾਰਾਤਮਕ, ਭਰੋਸੇਮੰਦ ਅਤੇ ਆਸ਼ਾ ਵਾਲਾ ਹੈ। ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਸਾਨੂੰ ਵੱਖ-ਵੱਖ ਹਥਿਆਰਾਂ ਦੀ ਜ਼ਰੂਰਤ ਹੋਵੇਗੀ। ਵਿਗਿਆਨੀਆਂ ਨੇ ਦਾਅਵਾ ਕੀਤਾ ਕਿ ਕੰਪਨੀ ਗਾਵਾਂ ਵਿਚ ਜੈਨੇਟਿਕ ਤਬਦੀਲੀਆਂ ਕਰਦੀ ਹੈ ਤਾਂ ਜੋ ਉਨ੍ਹਾਂ ਦੇ ਇਮਿਊਨ ਸੈੱਲ ਵਧੇਰੇ ਵਿਕਸਤ ਹੋ ਸਕਣ। ਖ਼ਤਰਨਾਕ ਬਿਮਾਰੀਆਂ ਨਾਲ ਲੜ ਸਕਣ। ਨਾਲ ਹੀ ਇਹ ਗਾਵਾਂ ਐਂਟੀਬਾਡੀਜ਼ ਦੀ ਇਕ ਵੱਡੀ ਮਾਤਰਾ ਬਣਾਉਂਦੀਆਂ ਹਨ ਜੋ ਮਨੁੱਖਾਂ ਨੂੰ ਠੀਕ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ। ਪਿਟਸਬਰਗ ਯੂਨੀਵਰਸਿਟੀ ਦੇ ਇਮਯੂਨੋਲੋਜਿਸਟ ਵਿਲੀਅਮ ਕਿਲਮਸਟਰਾ ਨੇ ਕਿਹਾ ਕਿ ਇਸ ਕੰਪਨੀ ਦੇ ਗਾਵਾਂ ਦੇ ਐਂਟੀਬਾਡੀਜ਼ ਵਿਚ ਕੋਰੋਨਾ ਵਾਇਰਸ ਦੇ ਸਪਾਈਕ ਪ੍ਰੋਟੀਨ ਨੂੰ ਖ਼ਤਮ ਕਰਨ ਦੀ ਸ਼ਕਤੀ ਹੈ। ਗਾਂ ਅਪਣੇ ਆਪ ਵਿਚ ਇਕ ਬਾਇਉਰੈਕਟਰ ਹੈ। ਉਹ ਭਿਆਨਕ ਤੋਂ ਭਿਆਨਕ ਬਿਮਾਰੀਆਂ ਨਾਲ ਲੜਨ ਲਈ ਐਂਟੀਬਾਡੀਜ਼ ਦੀ ਇਕ ਵੱਡੀ ਮਾਤਰਾ ਬਣਾਉਂਦੀ ਹੈ। ਵਿਗਿਆਨੀਆਂ ਨੇ ਕਿਹਾ ਕਿ ਸੈਬ ਬਾਇਉਥੈਰਪੀਟਿਕਸ ਦੇ ਸੀਈਓ ਐਡੀ ਸੁਲੀਵਨ ਨੇ ਕਿਹਾ ਕਿ ਗਾਵਾਂ ਵਿਚ ਹੋਰ ਛੋਟੇ ਜੀਵਾਂ ਨਾਲੋਂ ਜ਼ਿਆਦਾ ਖ਼ੂਨ ਹੁੰਦਾ ਹੈ। ਇਸ ਲਈ ਐਂਟੀਬਾਡੀਜ਼ ਵੀ ਉਨ੍ਹਾਂ ਦੇ ਸਰੀਰ ਵਿਚ ਬਹੁਤ ਜ਼ਿਆਦਾ ਬਣ ਜਾਂਦੇ ਹਨ। ਜੋ ਬਾਅਦ ਵਿਚ ਸੁਧਾਰ ਕੇ ਇਨਸਾਨਾਂ ਵਿਚ ਵਰਤੀ ਜਾ ਸਕਦੀ ਹੈ। ਐਡੀ ਨੇ ਕਿਹਾ ਕਿ ਦੁਨੀਆਂ ਦੀਆਂ ਬਹੁਤੀਆਂ ਕੰਪਨੀਆਂ ਕੋਰੋਨਾ ਵਾਇਰਸ ਨਾਲ ਲੜਨ ਲਈ ਮੋਨੋਕਲੋਨਲ ਐਂਟੀਬਾਡੀਜ਼ ਤਿਆਰ ਕਰ ਰਹੀਆਂ ਹਨ। ਜਦੋਂ ਕਿ ਚੰਗੀ ਗੱਲ ਇਹ ਹੈ ਕਿ ਗਾਵਾਂ ਪੌਲੀਕਲੋਨਲ ਐਂਟੀਬਾਡੀਜ਼ ਬਣਾਉਂਦੀਆਂ ਹਨ। ਉਹ ਕਿਸੇ ਵੀ ਵਾਇਰਸ ਨੂੰ ਮਾਰਨ ਦੇ ਮਾਮਲੇ ਵਿਚ ਕਿਸੇ ਮੋਨੋਕਲੋਨਲ ਐਂਟੀਬਾਡੀ ਨਾਲੋਂ ਵਧੇਰੇ ਸਮਰਥ ਹਨ।