ਨਵੀਂ ਦਿੱਲੀ : ਇਸ਼ਵਰੀ ਦੇਵੀ ਨੇ ਅਪਣੀ ਬੇਟੀ ਦਾ ਨਾਮ ਕਰੁਣਾ ਰਖਿਆ ਹੈ ਤੇ ਰੀਨਾ ਨੇ ਅਪਣੇ ਨਵਜਨਮੇ ਬੇਟੇ ਨੂੰ ਲਾਕਡਾਊਨ ਯਾਦਵ ਨਾਮ ਦਿਤਾ ਹੈ। ਇਨ੍ਹਾਂ ਬੱਚਿਆਂ ਦਾ ਜਨਮ ਮਜ਼ਦੂਰ ਸਪੈਸ਼ਨ ਟਰੈਨ ਵਿਚ ਸਫ਼ਰ ਦੌਰਾਨ ਹੋਇਆ ਹੈ। ਇਸ ਮਹਾਮਾਰੀ ਨੇ ਇਨਸਾਨੀ ਜੀਵਨ 'ਤੇ ਡਾਢਾ ਅਸਰ ਪਾਇਆ ਹੈ ਅਤੇ ਬੱਚਿਆਂ ਦਾ ਨਾਮ ਵੀ ਇਸ ਤੋਂ ਅਛੋਹ ਨਹੀਂ।
ਕਰੁਣਾ ਦੇ ਪਿਤਾ ਰਾਜੇਂਦਰ ਯਾਦਵ ਨੂੰ ਜਦ ਪੁਛਿਆ ਗਿਆ ਕਿ ਉਨ੍ਹਾਂ ਦੇ ਬੱਚੇ ਦੇ ਨਾਮ 'ਤੇ 'ਕੋਰੋਨਾ' ਜਾਂ 'ਕੋਰੋਨਾ ਵਾਇਰਸ' ਦਾ ਕੀ ਅਸਰ ਹੈ ਤਾਂ ਉਨ੍ਹਾਂ ਕਿਹਾ, 'ਸੇਵਾ ਭਾਵ ਅਤੇ ਰਹਿਮ। ਉਨ੍ਹਾਂ ਛੱਤੀਸਗੜ੍ਹ ਦੇ ਧਰਮਪੁਰਾ ਪਿੰਡ ਤੋਂ ਫ਼ੋਨ'ਤੇ ਦਸਿਆ, 'ਲੋਕਾ ਨੇ ਬੱਚੇ ਦਾ ਨਾਮ ਬੀਮਾਰੀ ਦੇ ਨਾਮ 'ਤੇ ਰੱਖਣ ਲਈ ਆਖਿਆ। ਮੈਂ ਕੋਰੋਨਾ ਨਾਮ ਕਿਵੇਂ ਰੱਖ ਸਕਦਾ ਹਾਂ ਜਦ ਇਸ ਨੇ ਏਨੇ ਲੋਕਾਂ ਦੀ ਜਾਨ ਲੈ ਲਈ ਅਤੇ ਜੀਵਨ ਬਰਬਾਦ ਕਰ ਦਿਤਾ।' ਉਨ੍ਹਾਂ ਕਿਹਾ, 'ਅਸੀਂ ਇਸ ਦਾ ਨਾਮ ਕਰੁਣਾ ਰਖਿਆ ਜਿਸ ਦਾ ਮਤਲਬ ਰਹਿਮ, ਸੇਵਾ ਭਾਵ ਹੁੰਦਾ ਹੈ ਜਿਸ ਦੀ ਹਰ ਕਿਸੇ ਨੂੰ ਮੁਸ਼ਕਲ ਵੇਲੇ ਲੋੜ ਪੈਂਦੀ ਹੈ।' ਇਸ਼ਵਰੀ ਉਨ੍ਹਾਂ ਤਿੰਨ ਦਰਜਨ ਔਰਤਾਂ ਵਿਚੋਂ ਇਕ ਹੈ ਜਿਨ੍ਹਾਂ ਨੂੰ ਗਰਭ ਅਵਸਥਾ ਦੇ ਆਖ਼ਰੀ ਪੜਾਅ ਵਿਚ ਭੁੱਖ ਅਤੇ ਬੇਰੁਜ਼ਗਾਰੀ ਦਾ ਸਾਹਮਣਾ ਕਰਨਾ ਪਿਆ ਅਤੇ ਆਸਾਧਾਰਣ ਹਾਲਤਾਂ ਵਿਚ ਬੱਚਿਆਂ ਨੂੰ ਜਨਮ ਦਿਤਾ।
ਮੁੰਬਈ ਤੋਂ ਯੂਪੀ ਦਾ ਸਫ਼ਰ ਕਰਨ ਵਾਲੀ ਰੀਨ ਨੇ ਅਪਣੇ ਬੇਟੇ ਦਾ ਨਾਮ ਲਾਕਡਾਊਨ ਰਖਿਆ ਤਾਕਿ ਜਿਸ ਮੁਸ਼ਕਲ ਹਾਲਾਤ ਵਿਚ ਉਹ ਪੈਦਾ ਹੋਇਆ, ਉਸ ਨੂੰ ਹਮੇਸ਼ਾ ਲਈ ਯਾਦ ਰਖਿਆ ਜਾ ਸਕੇ। ਇਕ ਹੋਰ ਔਰਤ ਮਮਤਾ ਯਾਦਵ ਅੱਠ ਮਈ ਨੂੰ ਜਾਮਨਗਰ –ਮੁਜ਼ੱਫ਼ਰਪੁਰ ਸਪੈਸ਼ਲ ਟਰੇਨ ਵਿਚ ਸਵਾਰ ਹੋਈ ਸੀ। ਉਹ ਚਾਹੁੰਦੀ ਸੀ ਕਿ ਬਿਹਾਰ ਦੇ ਛਪਰਾ ਜ਼ਿਲ੍ਹੇ ਵਿਚ ਜਦ ਉਹ ਅਪਣੇ ਬੱਚੇ ਨੂੰ ਜਨਮ ਦੇਵੇ ਤਾਂ ਉਸ ਦੀ ਮਾਂ ਉਸ ਨਾਲ ਹੋਵੇ ਪਰ ਮੁਕਾਮ ਸਟੇਸ਼ਨ 'ਤੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਹੱਥ ਵਿਚ ਬੱਚਾ ਸੀ। ਰੇਲਵੇ ਦੇ ਬੁਲਾਰੇ ਆਰ ਡੀ ਵਾਜਪਾਈ ਨੇ ਕਿਹਾ, 'ਸਾਡੇ ਕੋਲ ਐਮਰਜੈਂਸੀ ਇਲਾਜ ਸਹੂਲਤਾਂ ਹਨ ਜਿਨ੍ਹਾਂ ਰਾਹੀਂ ਐਮਰਜੈਂਸੀ ਹਾਲਤ ਵਾਲੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦਾ ਹੈ। (ਏਜੰਸੀ)