ਨਵੀਂ ਦਿੱਲੀ, (ਏਜੰਸੀ) : ਸੀਪੀਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਚੋਣ ਬਾਂਡ ਦੇ ਸਬੰਧ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ ਨੇ ਰਾਜਸੀ ਪਾਰਟੀਆਂ ਨੂੰ ਮਿਲਣ ਵਾਲੀ ਦਾਨ ਰਾਸ਼ੀ ਦੀ ਪਾਰਦਰਸ਼ਿਤਾ ਨੂੰ ਨੁਕਸਾਨ ਪਹੁੰਚਾਣ ਦੀ ਭਾਜਪਾ ਦੀ ਕੋਸ਼ਿਸ਼ ਨਾਕਾਮ ਕਰ ਦਿਤੀ ਹੈ। ਯੇਚੁਰੀ ਨੇ ਕਿਹਾ, 'ਸੁਪਰੀਮ ਕੋਰਟ ਨੇ ਗੁਪਤ ਚੰਦਾ ਇਕੱਠਾ ਕਰਨ ਦਾ ਕਾਨੂੰਨ ਬਣਾਉਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਅਰੁਣ ਜੇਤਲੀ ਅਤੇ ਭਾਜਪਾ ਦੀ ਪਹਿਲ ਨੂੰ ਖ਼ਤਮ ਕਰ ਦਿਤਾ ਹੈ।
ਅਦਾਲਤ ਨੇ ਕਿਹਾ ਹੈ ਕਿ ਪਾਰਦਰਸ਼ਿਤਾ ਚੋਣ ਚੰਦੇ ਦਾ ਆਧਾਰ ਹੈ। ਜਨਤਾ ਨੂੰ ਇਹ ਜਾਣਨ ਦਾ ਹੱਕ ਹੈ ਕਿ ਕਿਹੜੀ ਪਾਰਟੀ ਨੂੰ ਕਿਥੋਂ ਕਿੰਨਾ ਪੈਸਾ ਦਾਨ ਵਿਚ ਮਿਲਿਆ ਹੈ। ਉਨ੍ਹਾਂ ਕਿਹਾ ਕਿ ਚੋਣ ਬਾਂਡ ਵਿਚ ਦਾਨੀ ਦੀ ਪਛਾਣ ਉਜਾਗਰ ਕਰਨ ਦੀ ਵਿਵਸਥਾ ਲਾਗੂ ਕਰਨ ਦੀ ਭਾਜਪਾ ਦੀ ਕੋਸ਼ਿਸ਼ ਨਾਕਾਮ ਹੋਣ ਦੇ ਰਾਹ 'ਤੇ ਹੈ। ਯੇਚੁਰੀ ਨੇ ਕਿਹਾ ਕਿ ਕਾਲੇ ਧਨ ਦੇ ਰਸਤੇ ਦਾਨ ਦੇਣ ਵਾਲੇ ਹੁਣ ਇਸ ਰਾਹ ਨੂੰ ਅਪਣਾਉਣ ਤੋਂ ਡਰਨਗੇ। ਅੱਜ ਚੋਣ ਕਮਿਸ਼ਨ ਦੇ ਦਾਨ ਦਾ ਵੇਰਵਾ ਮਿਲੇਗਾ, ਕਲ ਇਹ ਵੇਰਵਾ ਜਨਤਾ ਦੀ ਪਹੁੰਚ ਵਿਚ ਹੋਵੇਗਾ।