Friday, November 22, 2024
 

ਚੰਡੀਗੜ੍ਹ / ਮੋਹਾਲੀ

ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਪੰਜਾਬ ਦੇ ਕਿਸਾਨਾਂ ਵਲੋਂ ਭਰਵਾਂ ਹੁੰਗਾਰਾ

June 07, 2020 09:45 PM

ਚੰਡੀਗੜ੍ਹ : ਕਰੋਨਾਵਾਇਰਸ ਦੀ ਮਹਾਂਮਾਰੀ ਦਰਮਿਆਨ ਮਜ਼ਦੂਰਾਂ ਦੀ ਕਮੀ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਦੇ ਕਿਸਾਨਾਂ ਨੇ ਇਸ ਸਾਲ ਝੋਨੇ ਦੀ ਰਵਾਇਤੀ ਲੁਆਈ ਦੀ ਬਜਾਏ ਸਿੱਧੀ ਬਿਜਾਈ ਨੂੰ ਭਰਵਾਂ ਹੁੰਗਾਰਾ ਦਿਤਾ ਹੈ ਜਿਸ ਨਾਲ ਸੂਬੇ ਵਿਚ ਝੋਨੇ ਦਾ 25 ਫ਼ੀ ਸਦੀ ਰਕਬਾ ਇਸ ਨਵੀਨਤਮ ਤਕਨਾਲੋਜੀ ਹੇਠ ਆਉਣ ਦੀ ਸੰਭਾਵਨਾ ਹੈ। ਇਹ ਕਦਮ ਜਿਥੇ ਮਜ਼ਦੂਰਾਂ ਦੇ ਖਰਚੇ ਦੇ ਰੂਪ ਵਿਚ ਕਟੌਤੀ ਲਿਆਵੇਗਾ, ਉਥੇ ਹੀ ਪਾਣੀ ਦੀ ਬੱਚਤ ਲਈ ਵੀ ਬਹੁਤ ਸਹਾਈ ਹੋਵੇਗਾ। ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਦੀ ਤਕਨਾਲੋਜੀ ਨੂੰ ਉਤਸ਼ਾਹਤ ਕਰਨ ਅਤੇ ਕਿਸਾਨਾਂ ਨੂੰ ਇਹ ਤਕਨਾਲੋਜੀ ਵੱਡੇ ਪੱਧਰ 'ਤੇ ਅਪਣਾਉਣ ਲਈ ਪ੍ਰੇਰਿਤ ਕਰਨ ਵਾਸਤੇ ਸੂਬੇ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨਾਂ ਨੂੰ 40 ਤੋਂ 50 ਫ਼ੀ ਸਦੀ ਤਕ ਸਬਸਿਡੀ 'ਤੇ ਸਿੱਧੀ ਬਿਜਾਈ ਵਾਲੀਆਂ 4000 ਮਸ਼ੀਨਾਂ ਅਤੇ ਝੋਨਾ ਲਾਉਣ ਵਾਲੀਆਂ 800 ਮਸ਼ੀਨਾਂ ਦੇਣ ਦੀ ਪ੍ਰਵਾਨਗੀ ਦੇ ਦਿਤੀ ਹੈ।

ਸੂਬਾ ਸਰਕਾਰ ਵਲੋਂ 40 ਤੋਂ 50 ਫ਼ੀ ਸਦੀ ਸਬਸਿਡੀ 'ਤੇ ਸਿੱਧੀ ਬਿਜਾਈ ਵਾਲੀਆਂ 4000 ਮਸ਼ੀਨਾਂ

ਅਤੇ ਝੋਨਾ ਲਾਉਣ ਵਾਲੀਆਂ 800 ਮਸ਼ੀਨਾਂ ਕਿਸਾਨਾਂ ਨੂੰ ਦੇਣ ਦੀ ਪ੍ਰਵਾਨਗੀ

ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂੰ ਨੇ ਦਸਿਆ ਕਿ ਪੰਜਾਬ ਨੇ ਮੌਜੂਦਾ ਸਾਲ ਦੌਰਾਨ ਸਿੱਧੀ ਲੁਆਈ ਦੀ ਤਕਨੀਕ ਹੇਠ ਲਗਪਗ ਪੰਜ ਲੱਖ ਹੈਕਟੇਅਰ ਰਕਬਾ ਲਿਆਉਣ ਦਾ ਟੀਚਾ ਮਿਥਿਆ ਸੀ ਪਰ ਮਜ਼ਦੂਰਾਂ ਦੀ ਕਮੀ ਆਉਣ ਅਤੇ ਕਿਸਾਨਾਂ ਵਲੋਂ ਅਗਾਂਹਵਧੂ ਤਕਨਾਲੋਜੀ ਅਪਣਾਉਣ ਲਈ ਦਿਖਾਈ ਡੂੰਘੀ ਦਿਲਚਸਪੀ ਕਾਰਨ 6-7 ਲੱਖ ਹੈਕਟੇਅਰ ਰਕਬਾ ਇਸ ਤਕਨੀਕ ਹੇਠ ਆਉਣ ਦੀ ਸੰਭਾਵਨਾ ਹੈ ਜੋ ਪੰਜਾਬ ਵਿੱਚ ਝੋਨੇ ਦੀ ਕੁੱਲ ਲੁਆਈ ਦਾ 25 ਫ਼ੀ ਸਦੀ ਰਕਬਾ ਬਣਦਾ ਹੈ। ਉਨ੍ਹਾਂ ਅੱਗੇ ਦਸਿਆ ਕਿ ਸਿੱਧੀ ਬਿਜਾਈ ਦੀ ਤਕਨੀਕ ਪਾਣੀ ਦੀ 30 ਫ਼ੀ ਸਦੀ ਬੱਚਤ ਕਰਨ ਤੋਂ ਇਲਾਵਾ ਝੋਨੇ ਦੀ ਲੁਆਈ ਵਿਚ ਪ੍ਰਤੀ ਏਕੜ 6000 ਰੁਪਏ ਦੀ ਕਟੌਤੀ ਲਿਆਉਣ ਵਿਚ ਮਦਦਗਾਰ ਸਾਬਤ ਹੁੰਦੀ ਹੈ। ਉਨ੍ਹਾਂ ਦਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਟੀ ਦੀਆਂ ਰੀਪੋਰਟਾਂ ਅਤੇ ਖੋਜ ਮੁਤਾਬਕ ਸਿੱਧੀ ਬਿਜਾਈ ਵਾਲੇ ਝੋਨੇ ਦਾ ਝਾੜ ਵੀ ਰਵਾਇਤੀ ਤਰੀਕੇ ਨਾਲ ਲਾਏ ਗਏ ਝੋਨੇ ਦੇ ਬਰਾਬਰ ਹੀ ਹੁੰਦਾ ਹੈ। ਸ੍ਰੀ ਪੰਨੂੰ ਨੇ ਅੱਗੇ ਦਸਿਆ ਕਿ ਖੇਤੀ ਖੇਤਰ ਵਿਚ ਝੋਨੇ ਦੀ ਲੁਆਈ ਹੀ ਇਕ ਅਜਿਹਾ ਕਾਰਜ ਹੈ ਜਿਸ ਲਈ ਮਜ਼ਦੂਰਾਂ ਦੀ ਬਹੁਤ ਲੋੜ ਪੈਂਦੀ ਹੈ ਅਤੇ ਇਸ ਸਾਲ ਮਜ਼ਦੂਰਾਂ ਦੀ ਕਮੀ ਹੋਣ ਕਰ ਕੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਟੀ ਵਲੋਂ ਹਾਲ ਹੀ ਵਿਚ ਕੀਤੀਆਂ ਗਈਆਂ ਸਿਫਾਰਸ਼ਾਂ ਮੁਤਾਬਕ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਸਲਾਹ ਦਿਤੀ ਹੈ। ਵਿਭਾਗ ਦੇ ਮੁਲਾਜ਼ਮਾਂ ਵਲੋਂ ਵੀ ਬਿਹਤਰ ਤਰੀਕਿਆਂ ਨਾਲ ਖੇਤਰ ਵਿੱਚ ਜਾ ਕੇ ਕਿਸਾਨਾਂ ਨੂੰ ਨਵੀਂ ਤਕਨਾਲੋਜੀ ਬਾਰੇ ਸੇਧ ਦਿਤੀ ਜਾ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਨਵੀਂ ਤਕਨਾਲੋਜੀ ਵਿਚ ਸੱਭ ਤੋਂ ਨਾਜ਼ੁਕ ਪੱਖ ਨਦੀਣ ਨੂੰ ਕੰਟਰੋਲ ਕਰਨਾ ਹੈ ਜਿਸ ਕਰ ਕੇ ਕਿਸਾਨਾਂ ਨੂੰ ਇਸ ਗੱਲ ਦਾ ਵਿਸ਼ੇਸ਼ ਧਿਆਨ ਰਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਸਿੱਧੀ ਬਿਜਾਈ ਕਰਨ ਤੋਂ ਪਹਿਲਾਂ ਨਦੀਨਨਾਸ਼ਕ ਦੀ ਖਰੀਦ ਜ਼ਰੂਰ ਕੀਤੀ ਜਾਵੇ ਅਤੇ ਝੋਨੇ ਦੀ ਬਿਜਾਈ ਦੇ 24 ਘੰਟਿਆਂ ਦੇ ਅੰਦਰ-ਅੰਦਰ ਇਸ ਦਾ ਛਿੜਕਾਅ ਕੀਤਾ ਜਾਵੇ। ਇਹ ਦਸਣਯੋਗ ਹੈ ਕਿ ਸੂਬਾ ਭਰ ਦੇ ਕਿਸਾਨਾਂ ਵਲੋਂ ਕੁੱਲ 27 ਲੱਖ ਹੈਕਟੇਅਰ ਰਕਬੇ ਵਿਚ ਝੋਨਾ ਲਾਇਆ ਜਾਂਦਾ ਹੈ ਜਿਸ ਵਿਚ ਵੱਧ ਗੁਣਵੱਤਾ ਵਾਲੀ ਬਾਸਮਤੀ ਦੀ ਕਿਸਮ ਹੇਠ ਆਉਂਦਾ 7 ਲੱਖ ਹੈਕਟੇਅਰ ਰਕਬਾ ਵੀ ਸ਼ਾਮਲ ਹੈ।

 

Have something to say? Post your comment

Subscribe