ਪੰਜਾਬੀ ਯੂਨੀਵਰਸਿਟੀ ਵਿਖੇ ਇੰਟਰ-ਹੋਸਟਲ ਖੇਡ ਮੁਕਾਬਲੇ ਕਰਵਾਏ ਗਏ
ਪਟਿਆਲਾ, 11 ਮਾਰਚ
ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਡਾਇਰੈਕਟੋਰੇਟ ਆਫ਼ ਸਪੋਰਟਸ ਅਤੇ ਡੀਨ ਵਿਦਿਆਰਥੀ ਭਲਾਈ ਦਫ਼ਤਰ ਦੇ ਸਹਿਯੋਗ ਨਾਲ਼ ਅੰਤਰ-ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਇੰਟਰ-ਹੋਸਟਲ ਖੇਡ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਲੜਕੀਆਂ ਦੇ ਹੋਸਟਲਾਂ ਤੋਂ ਵਿਦਿਆਰਥਣਾਂ ਨੇ ਸ਼ਿਰਕਤ ਕੀਤੀ।
ਰਜਿਸਟਰਾਰ ਡਾ. ਸੰਜੀਵ ਪੁਰੀ, ਵਿੱਤ ਇੰਚਾਰਜ ਡਾ.ਪ੍ਰਮੋਦ ਅਗਰਵਾਲ ਅਤੇ ਡਾਇਰੈਕਟਰ ਯੋਜਨਾ ਅਤੇ ਨਿਰੀਖਣ ਡਾ.ਜਸਵਿੰਦਰ ਸਿੰਘ ਬਰਾੜ ਵੱਲੋਂ ਇਨ੍ਹਾਂ ਖੇਡ ਮੁਕਾਬਲਿਆਂ ਦਾ ਅਗਾਜ਼ ਕਰਵਾਇਆ ਗਿਆ।
ਇਸ ਮੁਕਾਬਲੇ ਵਿੱਚ ਲੈਮਨ–ਸਪੂਨ ਰੇਸ, ਸੈਕ ਰੇਸ, ਮਟਕੀ ਰੇਸ, ਹਰਡਲ ਰੇਸ, ਤਿੰਨ ਟੰਗੀ ਰੇਸ ਆਦਿ ਮੁਕਾਬਲੇ ਕਰਵਾਏ ਗਏ। ਡੀਨ ਅਕਾਦਮਿਕ ਮਾਮਲੇ, ਪ੍ਰੋਫੈਸਰ ਨਰਿੰਦਰ ਕੌਰ ਮੁਲਤਾਨੀ ਵੱਲੋਂ ਇਨ੍ਹਾਂ ਮੁਕਾਬਲਿਆਂ ਵਿੱਚ ਜਿੱਤਣ ਵਾਲੀਆਂ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ।
ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ.ਹਰਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਦਾ ਮਕਸਦ ਵਿਦਿਆਰਥਣਾਂ ਵਿੱਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਦੇ ਹੋਏ ਸਰੀਰਿਕ ਅਤੇ ਮਾਨਸਿਕ ਸਿਹਤ ਦੀ ਤੰਦਰੁਸਤੀ ਪ੍ਰਤੀ ਜਾਗਰੂਕ ਕਰਨਾ ਸੀ। ਇਸ ਮੌਕੇ ਡਾਇਰੈਕਟਰ ਸਪੋਰਟਸ ਡਾ. ਅਜੀਤਾ, ਡੀਨ ਵਿਦਿਆਰਥੀ ਭਲਾਈ ਡਾ.ਮੋਨਿਕਾ ਚਾਵਲਾ, ਅਡੀਸ਼ਨਲ ਡੀਨ ਵਿਦਿਆਰਥੀ ਭਲਾਈ ਡਾ.ਨੈਨਾ ਸਰਮਾ ਅਤੇ ਪ੍ਰੋਵੋਸਟ ਡਾ. ਇੰਦਰਜੀਤ ਸਿੰਘ ਸ਼ਾਮਲ ਰਹੇ।