ਚੋਣ ਕਮਿਸ਼ਨਰ ਵੱਲੋਂ ਨੌਜਵਾਨਾਂ ਨੂੰ ਸਕਾਰਾਤਮਕ ਸੋਚ ਅਪਨਾਉਣ ਦਾ ਸੱਦਾ
ਭੀੜ ਦਾ ਹਿੱਸਾ ਬਣਨ ਦੀ ਬਜਾਏ ਨੌਜਵਾਨਾਂ ਨੂੰ ਆਪਣੀ ਰੁਚੀ ਮੁਤਾਬਕ ਕਰੀਅਰ ਦੀ ਚੋਣ ਕਰਨ ਲਈ ਕਿਹਾ
ਡੀ.ਏ.ਵੀ. ਕਾਲਜ ਦੇ 87ਵੇਂ ਡਿਗਰੀ ਵੰਡ ਸਮਾਰੋਹ ’ਚ ਕੀਤੀ ਸ਼ਿਰਕਤ
ਜਲੰਧਰ, 10 ਮਾਰਚ : ਭਾਰਤ ਦੇ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਨੇ ਅੱਜ ਸਥਾਨਕ ਡੀ.ਏ.ਵੀ. ਕਾਲਜ ਵਿਖੇ 87ਵੇਂ ਡਿਗਰੀ ਵੰਡ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਨੌਜਵਾਨਾਂ ਨੂੰ ਜ਼ਿੰਦਗੀ ਵਿੱਚ ਸਕਾਰਾਮਕ ਸੋਚ ਦੇ ਧਾਰਨੀ ਬਣਨ ਦਾ ਸੱਦਾ ਦਿੱਤਾ।
ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਡਾ. ਸੰਧੂ ਨੇ ਕਿਹਾ ਕਿ ਸਕਾਰਾਤਮਕ ਰਵੱਈਆ ਅਪਣਾ ਕੇ ਜ਼ਿੰਦਗੀ ਵਿੱਚ ਵੱਡੇ ਤੋਂ ਵੱਡਾ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਸ਼ਾਵਾਦੀ ਬਣਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਸਕਾਰਾਤਮਕ ਪਹੁੰਚ ਨਾ ਸਿਰਫ਼ ਇਨਸਾਨ ਨੂੰ ਕਾਮਯਾਬ ਤੇ ਮਹਾਨ ਬਣਾ ਸਕਦੀ ਹੈ ਸਗੋਂ ਮੁਸੀਬਤਾਂ ਨਾਲ ਡਟ ਕੇ ਲੜਨਾ ਵੀ ਸਿਖਾਉਂਦੀ ਹੈ। ਇਸ ਮੌਕੇ ਉਨ੍ਹਾਂ ਨਾਲ ਮੁੱਖ ਚੋਣ ਅਫ਼ਸਰ ਪੰਜਾਬ ਸਿਬਿਨ ਸੀ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵੀ ਮੌਜੂਦ ਸਨ।
ਡਾ. ਸੰਧੂ, ਜੋ ਕਿ ਡੀ.ਏ.ਵੀ. ਕਾਲਜ ਦੇ ਸਾਬਕਾ ਵਿਦਿਆਰਥੀ ਵੀ ਰਹੇ ਹਨ, ਨੇ ਨੌਜਵਾਨਾਂ ਨੂੰ ਕਾਮਯਾਬੀ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਫ਼ਲਤਾ ਦਾ ਕੋਈ ਸ਼ਾਰਟ ਕੱਟ ਨਹੀਂ ਹੁੰਦਾ ਬਲਕਿ ਸ਼ਾਰਟ ਕਟ ਰਾਹੀਂ ਮਿਲੀ ਸਫ਼ਲਤਾ ਆਰਜੀ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਆਪਣਾ ਮਿੱਥਿਆ ਟੀਚਾ ਹਾਸਲ ਕਰਨ ਲਈ ਮੁਸ਼ਕਤ ਕਰਨ ਅਤੇ ਆਪਣਾ ਸੌ ਫੀਸਦੀ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਭੀੜ ਦਾ ਹਿੱਸਾ ਬਣਨ ਦੀ ਬਜਾਏ ਆਪਣੀ ਰੁਚੀ ਮੁਤਾਬਕ ਕਰੀਅਰ ਦੀ ਚੋਣ ਕਰਨ ਲਈ ਕਿਹਾ।
ਉਨ੍ਹਾਂ ਵਿਦਿਆਰਥੀਆਂ ਨੂੰ ਸਫ਼ਲਤਾ ਅਤੇ ਅਸਫ਼ਲਤਾ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਟੀਚੇ ਲਈ ਪੂਰੀ ਤਰ੍ਹਾਂ ਸਮਰਪਿਤ ਹੋਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਸਫ਼ਲਤਾ ਦੇ ਨਾਲ-ਨਾਲ ਅਸਫ਼ਲਤਾ ਦੀ ਆਪਣੀ ਮਹੱਤਤਾ ਹੈ, ਜੋ ਇਨਸਾਨ ਨੂੰ ਆਤਮ ਨਿਰੀਖਣ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ, ਜਿਸ ਰਾਹੀਂ ਮਨੁੱਖ ਆਪਣੀਆਂ ਕਮੀਆਂ ਨੂੰ ਪਛਾਣ ਕੇ ਅਤੇ ਉਨ੍ਹਾਂ ਨੂੰ ਦੂਰ ਕੇ ਜ਼ਿੰਦਗੀ ਵਿੱਚ ਅੱਗੇ ਵਧ ਸਕਦਾ ਹੈ। ਡਾ. ਸੰਧੂ ਨੇ ਇਸ ਮੌਕੇ ਨੌਜਵਾਨਾਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੇ ਨਾਲ-ਨਾਲ ਜ਼ਿੰਦਗੀ ਦਾ ਵਿਹਾਰਕ ਗਿਆਨ ਹਾਸਲ ਕਰਨ ਲਈ ਵੀ ਕਿਹਾ।
ਡਿਗਰੀ ਵੰਡ ਸਮਾਗਮ ਲਈ ਸੰਸਥਾ ਨੂੰ ਮੁਬਾਰਕਬਾਦ ਦਿੰਦਿਆਂ ਚੋਣ ਕਮਿਸ਼ਨਰ ਨੇ ਕਿਹਾ ਕਿ ਡੀ.ਏ.ਵੀ. ਕਾਲਜ, ਜਿਸ ਦੇ ਉਹ ਖੁਦ ਵਿਦਿਆਰਥੀ ਰਹੇ ਹਨ, ਦੇ 87ਵੇਂ ਡਿਗਰੀ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਬਣਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਇਸ ਮੌਕੇ ਚੋਣ ਕਮਿਸ਼ਨਰ ਡਾ. ਸੁਖਬੀਰ ਸਿੰਘ ਸੰਧੂ ਨਾਲ ਉਨ੍ਹਾਂ ਦੇ ਧਰਮਪਤਨੀ ਸ਼੍ਰੀਮਤੀ ਹਰਲੀਨ ਕੌਰ ਸੰਧੂ ਤੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਸਨ।
ਸਮਾਰੋਹ ਵਿੱਚ ਉਦਯੋਗਪਤੀ ਰਾਜੇਸ਼ ਕੁਮਾਰ ਸੌਂਧੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਿੰ. ਡਾ. ਰਾਜੇਸ਼ ਕੁਮਾਰ ਨੇ ਸੰਸਥਾ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਇਸ ਦੌਰਾਨ 2024 ਦੇ ਬੈਚ ਦੇ ਲਗਭਗ 500 ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਤੋਂ ਇਲਾਵਾ ਕਾਲਜ ਦੇ ਸਾਬਕਾ ਵਿਦਿਆਰਥੀ ਡਾ. ਵਿਜੇ ਮਹਾਜਨ ਨੂੰ ਦਵਾਈਆਂ ਦੇ ਖੇਤਰ ਵਿੱਚ ਉਨ੍ਹਾਂ ਦੇ ਮਹੱਤਵਪੂਰਣ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਮੁੱਖ ਮਹਿਮਾਨ ਵੱਲੋਂ ਕਾਲਜ ਦੇ ਨਵੇਂ ਮੁਰੰਮਤ ਕੀਤੇ ‘ਹਾਲ ਆਫ਼ ਫੇਮ’ ਦਾ ਉਦਘਾਟਨ ਕਰਨ ਤੋਂ ਇਲਾਵਾ ਕਾਲਜ ਦੇ ਵਿਹੜੇ ਵਿੱਚ ਬੂਟਾ ਲਾ ਕੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਵੀ ਦਿੱਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨਰ ਨਗਰ ਨਿਗਮ ਜਲੰਧਰ ਗੌਤਮ ਜੈਨ, ਵਧੀਕ ਡਿਪਟੀ ਕਮਿਸ਼ਨਰ (ਜ) ਅਪਰਨਾ ਐਮ ਬੀ, ਜੁਆਇੰਟ ਕਮਿਸ਼ਨਰ ਨਗਰ ਨਿਗਮ ਜਲੰਧਰ ਡਾ. ਮਨਦੀਪ ਕੌਰ, ਡਾ. ਸੁਮਨਦੀਪ ਕੌਰ, ਐਸ.ਡੀ.ਐਮ. ਬਲਬੀਰ ਰਾਜ ਸਿੰਘ, ਅਸਟੇਟ ਅਫ਼ਸਰ ਜੇ.ਡੀ.ਏ. ਅਲਕਾ ਕਾਲੀਆ, ਚੋਣ ਤਹਿਸੀਲਦਾਰ ਮਨਜੀਤ ਕੌਰ, ਸਾਬਕਾ ਵੀਸੀ ਜੀਐਨਡੀਯੂ, ਅੰਮ੍ਰਿਤਸਰ ਡਾ. ਜਸਪਾਲ ਐਸ ਸੰਧੂ, ਕਾਲਜ ਦੇ ਸੀਨੀਅਰ ਵਾਈਸ-ਪ੍ਰਿੰਸੀਪਲ ਡਾ. ਐਸ. ਕੇ. ਤੁਲੀ, ਵਾਈਸ-ਪ੍ਰਿੰਸੀਪਲ ਪ੍ਰੋ. ਕੁੰਵਰ ਰਾਜੀਵ, ਰਜਿਸਟਰਾਰ ਪ੍ਰੋ. ਸੋਨਿਕਾ ਦਾਨੀਆ, ਸਟਾਫ਼ ਕੌਂਸਲ ਦੇ ਸਕੱਤਰ ਡਾ. ਦਿਨੇਸ਼ ਅਰੋੜਾ ਅਤੇ ਕਾਲਜ ਦੇ ਹੋਰ ਅਹੁਦੇਦਾਰ ਅਤੇ ਸਟਾਫ਼ ਮੈਂਬਰ ਮੌਜੂਦ ਸਨ।