ਪਿੰਡਾਂ ਵਿੱਚ ਚਲਦੇ ਕੰਮ 31 ਮਾਰਚ ਤੱਕ ਮੁਕੰਮਲ ਕੀਤੇ ਜਾਣ- ਧਾਲੀਵਾਲ
ਹਲਕੇ ਦੇ ਸਮੁੱਚੇ ਵਿਕਾਸ ਲਈ ਹਰੇਕ ਪਿੰਡ ਦਾ ਕੰਮ ਹੋਣਾ ਜਰੂਰੀ -ਧਾਲੀਵਾਲ
ਅੰਮ੍ਰਿਤਸਰ, 10 ਮਾਰਚ 2025---
ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਹਲਕੇ ਦੇ ਸਮੁੱਚੇ ਵਿਕਾਸ ਲਈ ਵਿਉਂਤਬੰਦੀ ਕਰਨ ਵਾਸਤੇ ਹਲਕੇ ਦੇ ਸਰਪੰਚਾਂ ਨਾਲ ਕੀਤੀਆਂ ਵਿਸ਼ੇਸ਼ ਮੀਟਿੰਗਾਂ ਵਿੱਚ ਹਰੇਕ ਸਰਪੰਚ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਵਿੱਚ ਚੱਲ ਰਹੇ ਕੰਮ 31 ਮਾਰਚ ਤੱਕ ਪੂਰੇ ਕਰੇ। ਅੱਜ ਬਲਾਕ ਹਰਸ਼ਾ ਛੀਨਾ ਵਿਖੇ ਹਲਕੇ ਦੇ ਸਰਪੰਚਾਂ ਨੂੰ ਸੰਬੋਧਨ ਕਰਦੇ ਉਹਨਾਂ ਕਿਹਾ ਕਿ ਨਵੇਂ ਕੰਮਾਂ ਵਾਸਤੇ ਫੰਡ ਅਪ੍ਰੈਲ ਮਹੀਨੇ ਜਾਰੀ ਕੀਤੇ ਜਾਣਗੇ।
ਸ ਧਾਲੀਵਾਲ ਨੇ ਇਹ ਵੀ ਸਪਸ਼ਟ ਕੀਤਾ ਕਿ ਚੁਣੇ ਹੋਏ ਸਰਪੰਚਾਂ ਦਾ ਕੰਮ ਸਾਰੇ ਅਧਿਕਾਰੀ ਤਰਜੀਹੀ ਅਧਾਰ ਉੱਤੇ ਕਰਨ ਅਤੇ ਕੋਈ ਵੀ ਅਧਿਕਾਰੀ ਕਿਸੇ ਸਰਪੰਚ ਜਾਂ ਪੰਚ ਦੀ ਗੱਲ ਨੂੰ ਅਣਗੌਲਿਆਂ ਨਾ ਕਰੇ। ਉਹਨਾਂ ਕਿਹਾ ਕਿ ਪੰਚਾਇਤਾਂ ਲੋਕਤੰਤਰ ਦੀ ਮੁਢਲੀ ਇਕਾਈ ਹਨ ਅਤੇ ਪਿੰਡਾਂ ਵਿੱਚ ਸਾਡਾ ਦੇਸ਼ ਵਸਦਾ ਹੈ, ਇਸ ਲਈ ਇਹਨਾਂ ਸਰਪੰਚਾਂ ਦੇ ਕੰਮ ਕਰਵਾਉਣੇ ਸਾਡੇ ਲਈ ਬਹੁਤ ਅਹਿਮ ਹਨ। ਉਹਨਾਂ ਕਿਹਾ ਕਿ ਪਿੰਡਾਂ ਨੂੰ ਸ਼ਹਿਰਾਂ ਦੇ ਬਰਾਬਰ ਸਹੂਲਤਾਂ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਦਿੱਤੀਆਂ ਜਾਣੀਆਂ ਹਨ, ਇਸ ਲਈ ਸਾਰੇ ਪਿੰਡ ਇਸ ਵਿਸ਼ੇ ਨੂੰ ਮਨ ਵਿੱਚ ਰੱਖ ਕੇ ਆਪਣੀ ਵਿਉਂਤਬੰਦੀ ਕਰਨ। ਉਹਨਾਂ ਕਿਹਾ ਕਿ ਸਰਕਾਰ ਕੋਲ ਕੰਮਾਂ ਵਾਸਤੇ ਪੈਸੇ ਦੀ ਕੋਈ ਘਾਟ ਨਹੀਂ ਹੈ ਅਤੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਸੁਪਨਾ ਜੋ ਕਿ ਰੰਗਲਾ ਪੰਜਾਬ ਸਿਰਜਣ ਦਾ ਹੈ, ਨੂੰ ਨੇਪਰੇ ਚਾੜਨ ਲਈ ਸਾਰੇ ਪੰਚਾਇਤਾਂ ਅਤੇ ਸਾਰੇ ਅਧਿਕਾਰੀ ਮਿਲ ਕੇ ਕੰਮ ਕਰਨ।