Tuesday, November 12, 2024
 

ਚੰਡੀਗੜ੍ਹ / ਮੋਹਾਲੀ

ਮੈਰੀਟੋਰੀਅਸ ਸਕੂਲਾਂ 'ਚ ਦਾਖ਼ਲੇ ਵਾਸਤੇ ਰਜਿਸਟ੍ਰੇਸ਼ਨ ਕਰਵਾਉਣ ਦੀ ਮਿਤੀ ਵਿਚ ਵਾਧਾ

June 04, 2020 10:09 PM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੈਰੀਟੋਰੀਅਸ ਸਕੂਲਾਂ ਵਿੱਚ ਸੈਸ਼ਨ-2020-21 ਲਈ 11ਵੀਂ ਜਮਾਤ ਵਿਚ ਦਾਖ਼ਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਉਣ ਦੇ ਸਮੇਂ ਵਿਚ ਫਿਰ ਤੋਂ ਵਾਧਾ ਕਰ ਦਿਤਾ ਗਿਆ ਹੈ। ਇਹ ਫ਼ੈਸਲਾ ਕੋਵਿਡ-19 ਤੋਂ ਸੁਰੱਖਿਆ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਦਿਤੀਆਂ ਹਦਾਇਤਾਂ ਦੀ ਪਾਲਣਾ ਹਿਤ ਕੀਤਾ ਗਿਆ ਹੈ। ਇਸ ਸਬੰਧੀ ਪੰਜਾਬ ਸਕੂਲ ਸਿਖਿਆ ਵਿਭਾਗ ਦੇ ਬੁਲਾਰੇ ਨੇ ਦਸਿਆ ਕਿ ਅੰਮ੍ਰਿਤਸਰ, ਬਠਿੰਡਾ, ਫਿਰੋਜ਼ਪੁਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਸੰਗਰੂਰ ਅਤੇ ਤਲਵਾੜਾ (ਹੁਸ਼ਿਆਰਪੁਰ) ਵਿਖੇ ਸਥਿਤ ਮੈਰੀਟੋਰੀਅਸ ਸਕੂਲਾਂ ਵਿਚ 11ਵੀਂ ਜਮਾਤ ਲਈ ਦਾਖ਼ਲਾ ਪ੍ਰੀਖਿਆ ਦੀ ਰਜਿਸਟ੍ਰੇਸ਼ਨ 5 ਜੂਨ, 2020 ਸਵੇਰੇ 9 ਵਜੇ ਤੋਂ 15 ਜੂਨ, 2020 ਸ਼ਾਮ 5 ਵਜੇ ਤਕ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਤਲਵਾੜਾ ਵਿਖੇ ਮੈਰੀਟੋਰੀਅਸ ਸਕੂਲ ਵਿਚ 9ਵੀਂ ਜਮਾਤ ਵਿਚ ਵੀ ਦਾਖ਼ਲੇ ਕੀਤੇ ਜਾਂਦੇ ਹਨ। 

ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਅਪਲਾਈ ਕਰਨ ਦੀ ਯੋਗਤਾ ਦੇ ਮਾਪਦੰਡਾਂ ਵਿਚ ਵੀ ਤਬਦੀਲੀ

ਜਿਸ ਸਬੰਧੀ ਵੀ ਵਿਦਿਆਰਥੀ 5 ਜੂਨ ਸਵੇਰੇ 9 ਵਜੇ ਤੋਂ 15 ਜੂਨ, 2020 ਦੇ ਸ਼ਾਮ 5 ਵਜੇ ਤਕ ਅਪਣੀ ਦਾਖ਼ਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਬੁਲਾਰੇ ਅਨੁਸਾਰ ਗਿਆਰ੍ਹਵੀਂ ਜਮਾਤ ਵਿਚ ਦਾਖ਼ਲਾ ਪ੍ਰੀਖਿਆ ਦੀ ਰਜਿਸਟ੍ਰੇਸ਼ਨ ਲਈ ਯੋਗਤਾ ਵਿਚ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੁੱਝ ਤਬਦੀਲੀ ਕੀਤੀ ਹੈ। ਪਹਿਲੇ ਮਾਪਦੰਡਾਂ ਅਨੁਸਾਰ ਜਨਰਲ ਕੈਟਾਗਿਰੀ ਵਿਚ ਦਸਵੀਂ ਜਮਾਤ ਵਿਚੋਂ 70 ਫ਼ੀ ਸਦੀ ਅਤੇ ਰਿਜ਼ਰਵ ਕੈਟਾਗਿਰੀ ਲਈ 65 ਫ਼ੀ ਸਦੀ ਅੰਕਾਂ ਦੀ ਜ਼ਰੂਤ ਸੀ। ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਦਸਵੀਂ ਜਮਾਤ ਵਿਚੋਂ ਗ੍ਰੇਡ ਬੀ+ ਅਤੇ ਇਸ ਤੋਂ ਵੱਧ ਗ੍ਰੇਡ ਪ੍ਰਾਪਤ ਕਰਨ ਵਾਲੇ ਅਤੇ ਰਿਜਰਵ ਕੈਟਾਗਿਰੀ ਵਿਚ ਗ੍ਰੇਡ ਬੀ ਅਤੇ ਇਸ ਤੋਂ ਵੱਧ ਗ੍ਰੇਡ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅਪਲਾਈ ਕਰਨ ਦੇ ਯੋਗ ਹੋਣਗੇ। ਇਸੇ ਪ੍ਰਕਾਰ ਨਵੇਂ ਮਾਪਦੰਡਾਂ ਅਨੁਸਾਰ CBSE ਬੋਰਡ ਦੇ ਵਿਦਿਆਰਥੀਆਂ ਲਈ ਜਨਰਲ ਕੈਟਾਗਿਰੀ ਵਿੱਚ ਗ੍ਰੇਡ ਬੀ 1 ਅਤੇ ਇਸ ਤੋਂ ਵੱਧ ਗ੍ਰੇਡ ਪ੍ਰਾਪਤ ਕਰਨ ਵਾਲੇ ਅਤੇ ਰਿਜਰਵ ਕੈਟਾਗਿਰੀ ਲਈ ਗ੍ਰੇਡ ਬੀ 2 ਅਤੇ ਇਸ ਤੋਂ ਵੱਧ ਗ੍ਰੇਡ ਨਾਲ ਦਸਵੀਂ ਪਾਸ ਵਿਦਿਆਰਥੀ ਦਾਖ਼ਲੇ ਲਈ ਅਪਲਾਈ ਕਰਨ ਦੇ ਯੋਗ ਹੋਣਗੇ। ਇਸੇ ਪ੍ਰਕਾਰ ਨੌਵੀਂ ਜਮਾਤ ਵਿਚ ਦਾਖ਼ਲਾ ਪ੍ਰੀਖਿਆ ਦੀ ਰਜਿਸਟ੍ਰੇਸ਼ਨ ਲਈ ਅੱਠਵੀਂ ਜਮਾਤ ਵਿੱਚੋਂ ਪ੍ਰਾਪਤ ਅੰਕਾਂ (ਗ੍ਰੇਡ) ਦੀ ਸ਼ਰਤ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਉਪਰੋਕਤ ਨਵੇਂ ਮਾਪਦੰਡਾਂ ਵਾਲੀ ਹੀ ਹੋਵੇਗੀ। ਵਿਭਾਗ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਜਿਹੜੇ ਵਿਦਿਆਰਥੀਆਂ ਨੇ ਦਾਖ਼ਲੇ ਲਈ ਪਹਿਲਾਂ ਹੀ ਅਪਲਾਈ ਕਰ ਦਿਤਾ ਹੈ ਅਤੇ ਹੁਣ ਉਹ ਦਾਖ਼ਲੇ ਸਬੰਧੀ ਸਾਰੀਆਂ ਮੌਜੂਦਾ ਸ਼ਰਤਾਂ ਪੂਰੀਆਂ ਕਰਦੇ ਹਨ, ਨੂੰ ਦੁਬਾਰਾ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ।

 

Have something to say? Post your comment

Subscribe