ਹਰਿਆਣਾ ਦੇ ਪੰਚਕੂਲਾ 'ਚ ਸ਼ਨੀਵਾਰ ਨੂੰ ਬੱਚਿਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ 'ਚ ਕਈ ਬੱਚੇ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਰਿਪੋਰਟ ਮੁਤਾਬਕ ਇਹ ਹਾਦਸਾ ਪੰਚਕੂਲਾ ਦੇ ਮੋਰਨੀ ਹਿੱਲਜ਼ ਨੇੜੇ ਟਿੱਕਰ ਤਾਲ ਕੋਲ ਵਾਪਰਿਆ। ਜਾਣਕਾਰੀ ਮੁਤਾਬਕ ਡਰਾਈਵਰ ਬੱਸ ਨੂੰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਖਾਈ 'ਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਅਤੇ ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤਾ। ਜ਼ਖਮੀ ਬੱਚਿਆਂ ਨੂੰ ਤੁਰੰਤ ਬੱਸ 'ਚੋਂ ਬਾਹਰ ਕੱਢ ਕੇ ਇਲਾਜ ਲਈ ਸੈਕਟਰ-6 ਹਸਪਤਾਲ ਭੇਜ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਪੰਜਾਬ ਦੇ ਮਾਲੇਰਕੋਟਲਾ ਦੇ ਸਕੂਲ ਦੇ ਬੱਚੇ ਅਤੇ ਸਟਾਫ਼ ਪੰਚਕੂਲਾ ਮੋਰਨੀ ਹਿੱਲਜ਼ 'ਤੇ ਘੁੰਮਣ ਲਈ ਜਾ ਰਹੇ ਸਨ। ਮੋਰਨੀ ਹਿੱਲਜ਼ ਨੇੜੇ ਟਿੱਕਰ ਤਾਲ ਨੇੜੇ ਡਰਾਈਵਰ ਬੱਸ ਤੋਂ ਕੰਟਰੋਲ ਗੁਆ ਬੈਠਾ ਅਤੇ ਬੱਸ ਬੇਕਾਬੂ ਹੋ ਕੇ ਟੋਏ ਵਿੱਚ ਜਾ ਡਿੱਗੀ। ਬੱਸ ਵਿੱਚ 45 ਬੱਚੇ ਅਤੇ ਤਿੰਨ ਹੋਰ ਲੋਕ ਸਵਾਰ ਸਨ।ਹਾਦਸੇ ' ਚ ਬੱਸ ਡਰਾਈਵਰ ਜ਼ਖਮੀ ਹੋ ਗਿਆ। ਪੁਲਿਸ ਨੇ ਹਾਦਸੇ ਬਾਰੇ ਬੱਚਿਆਂ ਦੇ ਮਾਪਿਆਂ ਨੂੰ ਸੂਚਿਤ ਕਰ ਦਿੱਤਾ ਹੈ।