ਅੰਮ੍ਰਿਤਸਰ: ਕੋਰੋਨਾ ਵਾਇਰਸ ਕਾਰਨ ਵਿਦੇਸ਼ਾਂ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਸਰਕਾਰ ਵੱਲੋਂ ਜਾਰੀ ਵੰਦੇ ਭਾਰਤ ਮਿਸ਼ਨ ਤਹਿਤ ਅੱਜ 95 ਪੰਜਾਬੀ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚ ਗਏ ਹਨ। ਏਅਰ ਇੰਡੀਆ ਦੀ ਇਹ ਵਿਸ਼ੇਸ਼ ਉਡਾਣ ਸ਼ੁੱਕਰਵਾਰ ਵੱਡੇ ਤੜਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੀ ਸੀ। ਐਸਡੀਐਮ ਦੀਪਕ ਭਾਟੀਆ ਨੇ ਦੱਸਿਆ ਕਿ ਇਸ ਉਡਾਣ ਵਿੱਚ ਕੁੱਲ 138 ਭਾਰਤੀ ਦੇਸ਼ ਪਰਤੇ ਸਨ। ਇਨ੍ਹਾਂ ਵਿੱਚੋਂ 95 ਪੰਜਾਬੀਆਂ ਤੋਂ ਇਲਾਵਾ 43 ਹੋਰਨਾਂ ਸੂਬਿਆਂ ਦੇ ਵਾਸੀ ਵੀ ਸਨ, ਜਿਨ੍ਹਾਂ ਨੂੰ ਲਖਨਊ ਹਵਾਈ ਅੱਡੇ 'ਤੇ ਉਤਾਰਿਆ ਗਿਆ। ਲਖਨਊ ਤੋਂ ਬਾਅਦ ਇਹੋ ਉਡਾਣ ਅੰਮ੍ਰਿਤਸਰ ਪਹੁੰਚੀ ਤੇ ਇੱਥੇ ਸਾਰੇ ਪੰਜਾਬੀਆਂ ਨੂੰ ਮੈਡੀਕਲ ਜਾਂਚ ਉਪਰੰਤ ਏਕਾਂਤਵਾਸ ਕੇਂਦਰ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਿਦੇਸ਼ ਤੋਂ ਆਏ ਹਰ ਵਿਅਕਤੀ ਨੂੰ ਸਰਕਾਰ ਵੱਲੋਂ ਤੈਅ ਕੀਤੇ ਏਕਾਂਤਵਾਸ ਕੇਂਦਰਾਂ ਵਿੱਚ ਲਾਜ਼ਮੀ ਰਹਿਣਾ ਹੋਵੇਗਾ ਅਤੇ ਕੋਈ ਵੀ ਵਿਅਕਤੀ ਸਿੱਧਾ ਆਪਣੇ ਘਰ ਨਹੀਂ ਜਾ ਸਕਦਾ। ਬੇਸ਼ੱਕ ਕਾਫੀ ਮੁਸਾਫਰਾਂ ਦੇ ਰਿਸ਼ਤੇਦਾਰ ਹਵਾਈ ਅੱਡੇ ਪਹੁੰਚੇ ਹੋਏ ਸਨ, ਪਰ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਗਿਆ।