ਨਵੀਂ ਦਿੱਲੀ : ਲੱਦਾਖ ਦੀ ਮਸ਼ਹੂਰ ਪਾਂਗੋਂਗ ਤਸੋ ਝੀਲ ਕੋਲ ਚੀਨੀ ਫੌਜ ਨੇ ਆਪਣੀ ਗਸ਼ਤ ਵਧਾ ਦਿੱਤੀ ਹੈ, ਜਿਸ ਦੇ ਚੱਲਦੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਬਹੁਤ ਵਧ ਗਿਆ ਹੈ। ਪਾਂਗੋਂਗ ਤਸੋ ਝੀਲ ਭਾਰਤ ਅਤੇ ਚੀਨ ਦੀ ਸਰਹੱਦ ਵਿਚਾਲੇ ਸਥਿਤ ਹੈ। 2 ਹਫਤੇ ਪਹਿਲਾਂ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ ਹੋਈ ਸੀ। ਉਦੋਂ ਤੋਂ ਇਸ ਇਲਾਕੇ ਵਿਚ ਚੀਨੀ ਫੌਜ ਦੀ ਸਰਗਰਮੀ ਵਧਦੀ ਜਾ ਰਹੀ ਹੈ। ਭਾਰਤੀ-ਚੀਨੀ ਫੌਜ ਦੀ ਤਾਇਨਾਤੀ ਦੇ ਚੱਲਦੇ ਸਰਹੱਦ ਵਿਚ ਲਾਈਨ ਆਫ ਐਕਚੂਅਲ ਕੰਟਰੋਲ (ਐਲ. ਏ. ਸੀ.) 'ਤੇ ਜੰਗ ਦਾ ਮਾਹੌਲ ਬਣ ਚੁੱਕਿਆ ਹੈ। ਇਕ ਰਿਪੋਰਟ ਮੁਤਾਬਕ ਚੀਨ ਨੇ ਇਸ ਝੀਲ ਵਿਚ ਗਸ਼ਤ ਕਰਨ ਵਾਲੀਆਂ ਕਿਸ਼ਤੀਆਂ ਦੀ ਤਾਇਨਾਤੀ ਵੀ 3 ਗੁਣਾ ਜ਼ਿਆਦਾ ਵਧਾ ਦਿੱਤੀ ਹੈ। ਉਹ ਪਹਿਲਾਂ ਸਿਰਫ 3 ਕਿਸ਼ਤੀਆਂ ਦਾ ਇਸਤੇਮਾਲ ਕਰ ਰਿਹਾ ਸੀ। ਪਾਂਗੋਂਗ ਝੀਲ ਇਲਾਕੇ ਵਿਚ 5 ਮਈ ਨੂੰ ਭਾਰਤ ਅਤੇ ਚੀਨ ਦੇ ਫੌਜੀਆਂ ਵਿਚਾਲੇ ਝੜਪ ਹੋਈ ਸੀ। ਇਸ ਤੋਂ ਕੁਝ ਦਿਨ ਬਾਅਦ ਦਬਾਅ ਬਣਾਉਣ ਲਈ ਐਲ. ਏ. ਸੀ. ਕੋਲ ਆਏ ਚੀਨ ਦੇ ਹੈਲੀਕਾਪਟਰਾਂ ਨੂੰ ਭਾਰਤੀ ਹਵਾਈ ਫੌਜ ਦੇ ਫਾਈਟਰਾਂ ਨੇ ਖਦੇੜ ਦਿੱਤਾ ਸੀ। ਵਿਦੇਸ਼ ਮੰਤਰਾਲੇ ਨੇ ਤਣਾਤਣੀ 'ਤੇ ਪਿਛਲੇ ਹਫਤੇ ਕਿਹਾ ਸੀ ਕਿ ਚੀਨ ਨਾਲ ਸਰਹੱਦ 'ਤੇ ਉਹ ਸ਼ਾਂਤੀ ਬਣਾਏ ਰੱਖਣ ਦੇ ਪੱਖ ਵਿਚ ਹੈ। ਸਰਹੱਦ ਦੇ ਬਾਰੇ ਵਿਚ ਜੇਕਰ ਸਾਂਝਾ ਵਿਚਾਰ ਹੁੰਦਾ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕਦਾ ਸੀ। ਭਾਰਤ-ਚੀਨ ਸਰਹੱਦ 'ਤੇ ਦੋਹਾਂ ਦੇਸ਼ਾਂ ਵੱਲੋਂ ਫੌਜੀਆਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਇਹ ਜਾਣਕਾਰੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ। ਦਰਅਸਲ, ਪੂਰਬੀ ਲੱਦਾਖ ਵਿਚ ਐਲ. ਏ. ਸੀ. 'ਤੇ ਭਾਰਤੀ ਫੌਜ ਵੱਲੋਂ ਆਪਣੀ ਤਾਕਤ ਮਜ਼ਬੂਤ ਕਰਨ ਲਈ ਸੜਕ ਬਣਾਏ ਜਾਣ ਦੇ ਚੱਲਦੇ ਹੀ ਚੀਨ ਬੌਖਲਾਇਆ ਹੋਇਆ ਹੈ। ਚੀਨ ਇਸ ਫਿਰਾਕ ਵਿਚ ਹੈ ਕਿ ਭਾਰਤ ਇਸ ਸੜਕ ਨੂੰ ਨਾ ਬਣਾਵੇ ਇਸ ਲਈ ਉਸ ਦੇ ਫੌਜੀ 5 ਮਈ ਨੂੰ ਭਾਰਤੀ ਖੇਤਰ ਵਿਚ ਦਾਖਲ ਹੋਏ ਸਨ। ਉਦੋਂ ਭਾਰਤੀ ਫੌਜ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਸੀ। ਇਸ ਦੌਰਾਨ ਹਥੋਂਪਾਈ ਵੀ ਹੋਈ ਸੀ।