ਲੁਧਿਆਣਾ : ਅੱਜ ਬੁੱਧਵਾਰ ਤੜਕੇ ਰਾਮੂ ਨਾਂਅ ਦੇ ਇੱਕ ਵਿਅਕਤੀ ਦਾ ਕਤਲ ਹੋ ਗਿਆ ਹੈ। ਇਹ ਵਾਰਦਾਤ ਲੁਧਿਆਣਾ ਦੇ ਚੰਦਰ ਨਗਰ ਇਲਾਕੇ 'ਚ ਮੱਲ੍ਹੀ ਪੈਲੇਸ ਲਾਗੇ ਵਾਪਰੀ। 22 ਸਾਲਾ ਰਾਮੂ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ।ਪੁਲਿਸ ਅਨੁਸਾਰ ਇਸ ਪਿੱਛੇ ਲੁਟੇਰਿਆਂ ਦਾ ਹੱਥ ਹੈ। ਦਰਅਸਲ, ਅੱਜ ਸਵੇਰੇ 5:30 ਵਜੇ ਜਦੋਂ 22 ਸਾਲਾ ਰਾਮੂ ਸਬਜ਼ੀਆਂ ਖ਼ਰੀਦਣ ਲਈ ਸਬਜ਼ੀ ਮੰਡੀ ਜਾ ਰਿਹਾ ਸੀ, ਤਦ ਲੁਟੇਰਿਆਂ ਨੇ ਉਸ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰਿਆਂ ਨੇ ਰਾਮੂ ਨੂੰ ਆਪਣੀ ਜੇਬ ਖਾਲੀ ਕਰਨ ਲਈ ਕਿਹਾ, ਜਦੋਂ ਉਸ ਨੇ ਉਨ੍ਹਾਂ ਦਾ ਵਿਰੋਧ ਕੀਤਾ, ਤਾਂ ਲੁਟੇਰਿਆਂ ਨੇ ਉਸ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਰਾਮੂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਲੁਟੇਰੇ ਉਸ ਦੀ ਜੇਬ 'ਚੋਂ ਸਾਰੀ ਨਕਦੀ ਲੈ ਕੇ ਫ਼ਰਾਰ ਹੋ ਗਏ। ਬਾਅਦ 'ਚ ਕੁਝ ਰਾਹਗੀਰਾਂ ਨੇ ਪੁਲਿਸ ਨੂੰ ਸੜਕ ਕੰਢੇ ਪਈ ਲਾਸ਼ ਬਾਰੇ ਸੂਚਿਤ ਕੀਤਾ।ਪੁਲਿਸ ਨੇ ਮੌਕੇ 'ਤੇ ਪੁੱਜ ਕੇ ਤੁਰੰਤ ਤਫ਼ਤੀਸ਼ (investigation) ਅਰੰਭ ਕਰ ਦਿੱਤੀ। ਮ੍ਰਿਤਕ ਦੇਹ ਨੂੰ ਪੋਸਟ-ਮਾਰਟਮ (post mortem) ਲਈ ਸਿਵਲ ਹਸਪਤਾਲ ਲਿਜਾਂਦਾ ਗਿਆ।ਇਹ ਖ਼ਬਰ ਲਿਖੇ ਜਾਣ ਤੱਕ ਪੁਲਿਸ ਦੀ ਟੀਮ ਉਸ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਵਿਡੀਓ ਫ਼ੁਟੇਜ ਖੰਗਾਲ ਰਹੀ ਸੀ।ਦਰਅਸਲ, ਕਾਤਲ ਕਿਸੇ ਨਾ ਕਿਸੇ ਸੀਸੀਟੀਵੀ ਕੈਮਰੇ ਵਿੱਚ ਜ਼ਰੂਰ ਕੈਦ ਹੋਏ ਹੋਣਗੇ - ਇਸੇ ਆਸ ਨਾਲ ਜਾਂਚ ਅਧਿਕਾਰੀ ਇਹ ਫ਼ੁਟੇਜ ਖੰਗਾਲ ਰਹੇ ਹਨ।