ਹਾਂਗਕਾਂਗ : ਮਨੁੱਖ ਦਾ ਦਿਮਾਗ਼ ਵਿਗਿਆਨਕਾਂ ਲਈ ਹਮੇਸ਼ਾ ਤੋਂ ਪਹੇਲੀ ਬਣਿਆ ਹੋਇਆ ਹੈ। ਹੁਣ ਇਸ ਪਹੇਲੀ ਨੂੰ ਸੁਲਝਾਉਣ ਦੀ ਦਿਸ਼ਾ 'ਚ ਕਦਮ ਵਧਾਉਂਦੇ ਹੋਏ ਚੀਨ ਦੇ ਵਿਗਿਆਨਕਾਂ ਨੇ ਇਨਸਾਨੀ ਦਿਮਾਗ਼ ਵਾਲੇ ਬਾਂਦਰ ਤਿਆਰ ਕੀਤੇ ਹਨ। ਉਨ੍ਹਾਂ ਨੇ ਇਨਸਾਨੀ ਦਿਮਾਗ਼ ਦਾ ਜੀਨ ਕੁਝ ਬਾਂਦਰਾਂ 'ਚ ਤਬਦੀਲ ਕਰਾਇਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਨਾਲ ਇਹ ਪਤਾ ਲਗਾਉਣ ਦਾ ਰਸਤਾ ਖੁੱਲੇਗਾ ਕਿ ਮਨੁੱਖ ਵਿਚ ਵਾਧੇ ਦਾ ਵਿਕਾਸ ਕਿਵੇਂ ਹੁੰਦਾ ਹੈ। ਵਿਗਿਆਨਕਾਂ ਨੇ 11 ਬਾਂਦਰਾਂ 'ਚ ਐੱਸਸੀਪੀਐੱਚ1 ਜੀਨ ਤਬਦੀਲ ਕਰਾਇਆ। ਵਿਗਿਆਨਕ ਮੰਨਦੇ ਹਨ ਕਿ ਮਨੁੱਖੀ ਦਿਮਾਗ਼ ਦੇ ਵਿਕਾਸ ਵਿਚ ਇਹ ਜੀਨ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਤਜਰਬੇ ਦੌਰਾਨ ਵਿਗਿਆਨਕਾਂ ਨੇ ਵੇਖਿਆ ਕਿ ਇਨਸਾਨਾਂ ਦੀ ਤਰ੍ਹਾਂ ਹੀ ਇਨ੍ਹਾਂ ਬਾਂਦਰਾਂ ਦੇ ਦਿਮਾਗ਼ ਨੂੰ ਵਿਕਸਿਤ ਹੋਣ ਵਿਚ ਜ਼ਿਆਦਾ ਸਮਾਂ ਲੱਗਾ। ਜੰਗਲੀ ਬਾਂਦਰਾਂ ਦੀ ਤੁਲਨਾ 'ਚ ਇਨ੍ਹਾਂ ਬਾਂਦਰਾਂ ਨੇ ਕਿਸੇ ਗੱਲ 'ਤੇ ਪ੍ਰਤੀਕਿਰਿਆ ਦੇਣ 'ਚ ਵੀ ਤੇਜ਼ੀ ਵਿਖਾਈ। ਹਾਲਾਂਕਿ ਇਨ੍ਹਾਂ ਦੇ ਦਿਮਾਗ਼ ਦਾ ਆਕਾਰ ਨਹੀਂ ਵਧਿਆ। ਇਸ ਤਜਰਬੇ ਨੂੰ ਅਮਰੀਕਾ ਦੀ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਦੇ ਵਿਗਿਆਨਕਾਂ ਨਾਲ ਮਿਲ ਕੇ ਚੀਨ ਦੇ ਕਨਮਿੰਗ ਇੰਸਟੀਚਿਊਟ ਆਫ ਜਿਓਲੋਜੀ ਅਤੇ ਚਾਈਨੀਜ਼ ਅਕੈਡਮੀ ਆਫ ਸਾਇੰਸਿਜ਼ ਦੇ ਖੋਜਕਰਤਾਵਾਂ ਨੇ ਅੰਜਾਮ ਦਿੱਤਾ ਹੈ। ਇਸ ਅਧਿਐਨ ਨੂੰ ਚੀਨ ਦੀ ਵਿਗਿਆਨ ਪੱਤ੍ਕਾ ਨੈਸ਼ਨਲ ਸਾਇੰਸ ਰਿਵਿਊ ਨੇ ਪ੍ਰਕਾਸ਼ਿਤ ਕੀਤਾ ਹੈ।