ਚੰਡੀਗੜ੍ਹ : ਪੰਜਾਬ ਦੇ ਖਰੜ ਵਿੱਚ ਚੰਡੀਗੜ੍ਹ ਯੂਨੀਵਰਸਿਟੀ (CU) ਵਿੱਚ ਪੜ੍ਹਦੇ ਵਿਦਿਆਰਥੀ ਨੇ 100 ਫੁੱਟ ਉੱਚੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ ਦੀ ਛਾਲ ਮਾਰਨ ਦਾ ਵੀਡੀਓ ਸਾਹਮਣੇ ਆਇਆ ਹੈ।
ਮ੍ਰਿਤਕ ਵਿਦਿਆਰਥੀ ਦੀ ਪਛਾਣ 19 ਸਾਲਾ ਸੁਮਿਤ ਛਿੱਕਾਰਾ ਵਾਸੀ ਬਹਾਦਰਗੜ੍ਹ (ਹਰਿਆਣਾ) ਵਜੋਂ ਹੋਈ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਦੋਸਤਾਂ ਨੇ ਪੁਲਸ ਨੂੰ ਦੱਸਿਆ ਕਿ ਮ੍ਰਿਤਕ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਘਟਨਾ 15 ਜੁਲਾਈ ਦੀ ਦੱਸੀ ਜਾ ਰਹੀ ਹੈ। ਸੁਮਿਤ ਯੂਨੀਵਰਸਿਟੀ ਵਿੱਚ ਬੀਬੀਏ ਕਰ ਰਿਹਾ ਸੀ, ਉਹ ਘੜੂੰਆਂ ਸਥਿਤ ਸੀਯੂ ਵਿੱਚ ਬੀਬੀਏ ਦਾ ਵਿਦਿਆਰਥੀ ਸੀ। ਉਸ ਦੇ ਸਾਥੀਆਂ ਆਦਿਤਿਆ ਅਤੇ ਵੈਭਵ ਨੇ ਦੱਸਿਆ ਕਿ ਸੁਮਿਤ ਉਨ੍ਹਾਂ ਦਾ ਦੋਸਤ ਸੀ, ਜੋ ਕੁਝ ਦਿਨਾਂ ਤੋਂ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪ੍ਰੇਸ਼ਾਨ ਸੀ। ਸੁਮਿਤ ਨੇ ਪਹਿਲਾਂ ਆਪਣੇ ਹੱਥ ਦੀ ਨਾੜ ਕੱਟੀ ਅਤੇ ਫਿਰ ਅਚਾਨਕ ਮਾਡਰਨ ਸਿਟੀ ਸੈਂਟਰ 'ਚ ਬਣੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਿਆ।
ਜਿਵੇਂ ਹੀ ਦੋਸਤਾਂ ਅਤੇ ਆਸਪਾਸ ਦੇ ਲੋਕਾਂ ਨੇ ਉਸ ਨੂੰ ਟੈਂਕੀ 'ਤੇ ਚੜ੍ਹਦਿਆਂ ਦੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਰੋਕਣ ਲਈ ਦੋ ਵਿਅਕਤੀ ਟੈਂਕੀ 'ਤੇ ਵੀ ਚੜ੍ਹੇ ਪਰ ਸੁਮਿਤ ਨੇ ਉਨ੍ਹਾਂ ਨੂੰ ਚੜ੍ਹਦੇ ਦੇਖ ਕੇ ਟੈਂਕੀ ਤੋਂ ਛਾਲ ਮਾਰ ਦਿੱਤੀ।
ਨੌਜਵਾਨ ਉਸ ਨੂੰ ਸਰਕਾਰੀ ਹਸਪਤਾਲ ਖਰੜ ਲੈ ਕੇ ਆਏ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਨੌਜਵਾਨ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ।
ਉਹ ਮਾਡਰਨ ਵੈਲੀ ਖਾਨਪੁਰ ਦੇ ਇੱਕ ਪੀਜੀ ਵਿੱਚ ਆਪਣੇ ਦੋਸਤਾਂ ਨਾਲ ਰਹਿੰਦਾ ਸੀ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਹਰਿਆਣਾ ਦੇ ਬਹਾਦਰਗੜ੍ਹ ਤੋਂ ਸਰਕਾਰੀ ਹਸਪਤਾਲ ਖਰੜ ਪੁੱਜੇ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।