ਪਟਿਆਲਾ : ਬੀਤੇ ਦਿਨੀਂ ਕੋਰੋਨਾ ਜਾਂਚ ਸਬੰਧੀ ਲੈਬ ਵਿਚ ਭੇਜੇ ਗਏ 132 ਸੈਂਪਲਾ ਵਿਚੋਂ ਦੋ ਕੇਸ ਪਾਜ਼ੀਟਿਵ ਪਾਏ ਗਏ ਹਨ ਅਤੇ 118 ਸੈਂਪਲਾਂ ਦੀ ਰਿਪੋਰਟ 'ਕੋਰੋਨਾ ਨੈਗੇਟਿਵ' ਪਾਈ ਗਈ ਹੈ , ਬਾਕੀ ਸੈਂਪਲਾ ਦੀ ਰਿਪੋਰਟ ਕੱਲ ਆਏਗੀ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਅੱਜ ਰਾਜਪੁਰਾ ਗਾਂਧੀ ਕਲੋਨੀ ਵਿਚੋਂ 24 ਸਾਲਾ ਇਕ ਵਿਅਕਤੀ ਅਤੇ ਸ਼ਿਵ ਕਲੋਨੀ ਦਾ ਰਹਿਣ ਵਾਲਾ 30 ਸਾਲਾ ਵਿਅਕਤੀ, ਜਿਹੜਾ ਕਿ ਪਿਛਲੇ ਦਿਨੀਂ ਮਹਾਰਾਸ਼ਟਰ ਤੋਂ ਵਾਪਸ ਰਾਜਪੁਰਾ ਵਿਖੇ ਪੰਹੁਚਿਆ ਸੀ, ਦੇ ਬੀਤੇ ਦਿਨੀਂ covid-19 ਜਾਂਚ ਸਬੰਧੀ ਲਏ ਸੈਂਪਲ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸਿਫਟ ਕਰਵਾਇਆ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾ ਵੱਲੋ ਇਨ੍ਹਾਂ ਦੇ ਨੇੜੇ ਦੇ ਸੰਪਰਕ ਵਿਚ ਆਏ 6 ਪਰਿਵਾਰਕ ਮੈਂਬਰਾਂ ਦੀ ਭਾਲ ਕਰ ਕੇ ਉਨ੍ਹਾਂ ਦੇ ਕੋਵਿਡ ਜਾਂਚ ਸਬੰਧੀ ਸੈਂਪਲ ਲਏ ਗਏ ਹਨ ਅਤੇ ਬਾਕੀ ਹੋਰ ਸੰਪਰਕ ਵਿਚ ਆਏ ਵਿਅਕਤੀਆਂ ਦੀ ਭਾਲ ਜਾਰੀ ਹੈ। ਪਾਜ਼ੀਟਿਵ ਆਏ ਵਿਅਕਤੀਆਂ ਦੇ ਅਤੇ ਆਲੇ-ਦੁਆਲੇ ਦੇ ਘਰਾਂ ਵਿਚ ਸੋਡੀਅਮ ਹਾਈਪੋਕਲੋਰਾਈਡ ਦੀ ਸਪਰੇਅ ਕਰਵਾਈ ਜਾਵੇਗੀ।