ਚੰਡੀਗੜ੍ਹ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਅੱਜ ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੀ ਡੇਟਸ਼ੀਟ ਐਲਾਨ ਦਿੱਤੀ ਹੈ। ਇਨ੍ਹਾਂ ਜਮਾਤਾਂ ਦੇ ਕਈ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਕਰੋਨਾਵਾਇਰਸ ਕਰਕੇ ਮੁਲਤਵੀ ਕਰ ਦਿੱਤੀਆਂ ਗਈਆਂ ਸਨ, ਜਿਹੜੀਆਂ ਹੁਣ 1 ਤੋਂ 15 ਜੁਲਾਈ ਦੇ ਦਰਮਿਆਨ ਹੋਣਗੀਆਂ। ਬੋਰਡ ਵਲੋਂ ਦਸਵੀਂ ਜਮਾਤ ਦੀ ਪ੍ਰੀਖਿਆ ਸਿਰਫ ਉੱਤਰੀ ਪੂਰਬੀ ਦਿੱਲੀ ਇਲਾਕਿਆਂ ਵਿਚ ਲਈ ਜਾਵੇਗੀ ਜਦਕਿ ਬਾਰ੍ਹਵੀਂ ਜਮਾਤ ਦੀਆਂ ਕੁਝ ਪ੍ਰੀਖਿਆਵਾਂ ਉੱਤਰੀ ਪੂਰਬੀ ਦਿੱਲੀ ਤੇ ਬਾਕੀ ਰਹਿੰਦੀਆਂ ਪ੍ਰੀਖਿਆਵਾਂ ਸਾਰੇ ਭਾਰਤ ਵਿਚ ਹੋਣਗੀਆਂ। ਬੋਰਡ ਨੇ ਇਹ ਪ੍ਰੀਖਿਆਵਾਂ ਜੇਈ ਮੇਨ, ਨੀਟ ਤੇ ਹੋਰ ਮੁਕਾਬਲੇ ਵਾਲੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਨੂੰ ਧਿਆਨ ਵਿਚ ਰੱਖ ਕੇ ਤੈਅ ਕੀਤੀਆਂ ਹਨ। ਸੀਬੀਐੱਸਈ ਦੇ ਕੰਟਰੋਲਰ (ਪ੍ਰੀਖਿਆਵਾਂ) ਸੰਯਮ ਭਾਰਦਵਾਜ ਨੇ ਕਿਹਾ, ‘ਦਸਵੀਂ ਜਮਾਤ ਦੀ ਪਹਿਲੀ ਪ੍ਰੀਖਿਆ 1 ਜੁਲਾਈ ਨੂੰ ਸੋਸ਼ਲ ਸਾਇੰਸ, 2 ਜੁਲਾਈ ਨੂੰ ਵਿਗਿਆਨ ਥਿਊਰੀ ਤੇ ਵਿਗਿਆਨ ਦੀ ਬਿਨਾਂ ਪ੍ਰੈਕਟੀਕਲ (PRACTICAL) ਹੋਵੇਗੀ। 10 ਜੁਲਾਈ ਨੂੰ ਹਿੰਦੀ ਕੋਰਸ ਏ ਤੇ ਬੀ, 15 ਜੁਲਾਈ ਨੂੰ ਅੰਗਰੇਜ਼ੀ ਕਮਿਊਨੀਕੇਟਿਵ ਤੇ ਅੰਗਰੇਜ਼ੀ ਲੈਂਗੁਏਜ ਤੇ ਲਿਟਰੇਚਰ ਦੀ ਹੋਵੇਗੀ।’ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੋ ਹਿੱਸਿਆਂ ਵਿੱਚ ਹੋਵੇਗੀ। ਇਕ ਪ੍ਰੀਖਿਆ ਉੱਤਰ ਪੂਰਬੀ ਦਿੱਲੀ ਲਈ ਤੇ ਦੂਜੀ ਪੂਰੇ ਦੇਸ਼ ਲਈ। ਪੂਰੇ ਦੇਸ਼ ਵਿੱਚ ਹੋਣ ਵਾਲੀ ਪ੍ਰੀਖਿਆ ਲਈ 1 ਜੁਲਾਈ ਨੂੰ ਹੋਮ ਸਾਇੰਸ, 2 ਜੁਲਾਈ ਨੂੰ ਹਿੰਦੀ ਇਲੈਕਟਿਵ(elective hindi) ਤੇ ਕੋਰ, 9 ਜੁਲਾਈ ਨੂੰ ਬਿਜ਼ਨਸ ਸਟੱਡੀਜ਼ (Bussiness Studies) , 10 ਨੂੰ ਬਾਇਓਟੈਕਨਾਲੋਜੀ (Bio-technology) , 11 ਨੂੰ ਜਿਓਗਰਾਫੀ ਤੇ 13 ਜੁਲਾਈ ਨੂੰ ਸੋਸ਼ਿਆਲੋਜੀ ਵਿਸ਼ੇ ਦਾ ਪੇਪਰ ਹੋਵੇਗਾ। ਉੱਤਰ ਪੂਰਬੀ ਦਿੱਲੀ ਵਿੱਚ ਹੋਣ ਵਾਲੀ ਪ੍ਰੀਖਿਆਵਾਂ 3 ਜੁਲਾਈ ਤੋਂ 15 ਜੁਲਾਈ ਤਕ ਚੱਲਣਗੀਆਂ। ਬੋਰਡ ਨੇ ਕਰੋਨਾਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਪਾਰਦਰਸ਼ੀ ਹੈਂਡ ਸੈਨੇਟਾਈਜ਼ਰ ਨਾਲ ਲਿਆਉਣ ਲਈ ਕਿਹਾ ਹੈ। ਵਿਦਿਆਰਥੀਆਂ ਲਈ ਮਾਸਕ ਬੰਨ੍ਹਣਾ ਜ਼ਰੂਰੀ ਹੋਵੇਗਾ ਤੇ ਪ੍ਰੀਖਿਆਵਾਂ ਮੌਕੇ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਪ੍ਰੀਖਿਆ ਸਵੇਰੇ 10.30 ਵਜੇ ਸ਼ੁਰੂ ਹੋਵੇਗੀ।