ਚੰਡੀਗੜ੍ਹ : ਪੰਜਾਬ 'ਚ ਕਰਫ਼ੀਊ ਖ਼ਤਮ ਹੋਣ ਤੋਂ ਬਾਅਦ ਅਤੇ ਤਾਲਾਬੰਦੀ-4 ਸ਼ੁਰੂ ਹੋਣ ਵੇਲੇ ਇਕ ਹੋਰ ਰਾਹਤ ਵਾਲੀ ਖ਼ਬਰ ਹੈ ਕਿ ਟਰਾਂਸਪੋਰਟ ਵਿਭਾਗ ਨੇ ਸੂਬੇ 'ਚ ਚੋਣਵੇਂ ਰੂਟਾਂ ਉਪਰ ਬੱਸ ਸੇਵਾ ਸ਼ੁਰੂ ਕਰਨ ਲਈ ਹਰੀ ਝੰਡੀ ਵਿਖਾ ਦਿਤੀ ਹੈ ਪਰ ਹੁਣ ਅੰਤਮ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੈਣਾ ਹੈ। ਅੱਜ ਸੂਬੇ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਕਰ ਕੇ ਕੇਂਦਰੀ ਹਦਾਇਤਾਂ ਤਹਿਤ ਅਤੇ ਸੂਬੇ ਦੀ ਕੋਰੋਨਾ ਮਹਾਂਮਾਰੀ ਦੀ ਸਥਿਤੀ 'ਚ ਬੱਸ ਸੇਵਾ ਸ਼ੁਰੂ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਉਹ ਬੱਸ ਸੇਵਾ ਸ਼ੁਰੂ ਕਰਨ ਲਈ ਤਿਆਰ ਹਨ ਅਤੇ ਅਪਣੀ ਸਿਫ਼ਾਰਸ਼ ਅੰਤਮ ਫ਼ੈਸਲੇ ਲਈ ਮੁੱਖ ਮੰਤਰੀ ਨੂੰ ਭੇਜ ਰਹੇ ਹਨ।
50 ਫ਼ੀ ਸਦੀ ਮੁਸਾਫ਼ਰ ਹੀ ਬਿਠਾਏ ਜਾ ਸਕਦੇ ਹਨ
ਵਿਭਾਗ ਦੇ ਅਧਿਕਾਰੀਆਂ ਦੇ ਦਸਣ ਮੁਤਾਬਕ ਮੁੱਖ ਮੰਤਰੀ ਵਲੋਂ ਰਸਮੀ ਪ੍ਰਵਾਨਗੀ ਮਿਲਣ ਤੋਂ ਬਾਅਦ ਬੱਸ ਸੇਵਾ ਇਕ-ਦੋ ਦਿਨ ਅੰਦਰ ਹੀ ਸ਼ੁਰੂ ਹੋ ਸਕਦੀ ਹੈ। ਪ੍ਰਸਤਾਵ ਅਨੁਸਾਰ ਸ਼ੁਰੂ 'ਚ ਸਰਕਾਰੀ ਬੱਸਾਂ ਹੀ ਚਲਣਗੀਆਂ ਅਤੇ ਨਿਜੀ ਬੱਸਾਂ ਬਾਰੇ ਫ਼ੈਸਲਾ ਬਾਅਦ 'ਚ ਹੋਵੇਗਾ। ਸਰਕਾਰੀ ਬੱਸਾਂ ਵੀ ਦੋ ਦਰਜਨ ਦੇ ਕਰੀਬ ਚੋਣਵੇਂ ਮੁੱਖ ਮਾਰਗਾਂ 'ਤੇ ਜ਼ਿਲ੍ਹੇ ਤੋਂ ਜ਼ਿਲ੍ਹੇ ਤਕ ਚਲਣਗੀਆਂ। ਇਹ ਬੱਸਾਂ ਰਸਤੇ 'ਚ ਕਿਤੇ ਨਹੀਂ ਰੁਕਣਗੀਆਂ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਬੱਸਾਂ 'ਚ 50 ਫ਼ੀ ਸਦੀ ਮੁਸਾਫ਼ਰ ਹੀ ਬਿਠਾਏ ਜਾ ਸਕਦੇ ਹਨ ਜਿਸ ਕਰ ਕੇ ਸੂਬੇ ਦੀ ਵਿੱਤੀ ਹਾਲਤ ਨੂੰ ਵੇਖਦਿਆਂ ਸੇਵਾ ਸ਼ੁਰੂ ਕਰਨ ਦੇ ਨਾਲ ਹੀ ਕਿਰਾਇਆ ਵਧਾਉਣ ਦਾ ਵੀ ਫ਼ੈਸਲਾ ਹੋ ਸਕਦਾ ਹੈ।
ਟਰਾਂਸਪੋਰਟ ਵਿਭਾਗ ਵਲੋਂ ਐਡਵਾਈਜ਼ਰੀ ਵੀ ਜਾਰੀ
ਸੂਬੇ 'ਚ ਟਰਾਂਸਪੋਰਟ ਸੇਵਾਵਾਂ ਸ਼ੁਰੂ ਹੋਣ ਦੇ ਮੱਦੇਨਜ਼ਰ ਵਿਭਾਗ ਨੇ ਐਡਵਾਈਜ਼ਰੀ ਵੀ ਜਾਰੀ ਕਰ ਦਿਤੀ ਹੈ। ਇਸ ਤਹਿਤ ਟੈਕਸੀ, ਚਾਰ ਪਹੀਆ ਵਾਹਨ ਅਤੇ ਕੈਬ 'ਚ ਇਕ ਚਾਲਕ ਅਤੇ ਦੋ ਮਸਾਫ਼ਰ ਬਿਠਾਏ ਜਾ ਸਕਦੇ ਹਨ। ਰਿਕਸ਼ਾ ਅਤੇ ਆਟੋ ਜੋ ਸਹੀ ਤਰੀਕੇ ਨਾਲ ਰਜਿਸਟਰਡ ਹੋਣ ਅਤੇ ਟੈਕਸ ਰੈਗੂਲਰ ਭਰਦੇ ਹੋਣ, ਇਕ ਚਾਲਕ ਅਤੇ ਦੋ ਮੁਸਾਫ਼ਰਾਂ ਸਮੇਤ ਚਲ ਸਕਦੇ ਹਨ। ਦੋ ਪਹੀਆ ਵਾਹਨਾਂ ਅਤੇ ਸਾਈਕਲ ਚਾਲਕਾਂ ਨੂੰ ਇਕੱਲੇ ਚੱਲਣ ਲਈ ਛੋਟ ਦਿਤੀ ਗਈ ਹੈ ਪਰ ਦੋ ਪਹੀਆ ਵਾਹਨ ਉਤੇ ਪਤੀ-ਪਤਨੀ ਨੂੰ ਛੋਟੇ ਬੱਚੇ ਨਾਲ ਬੈਠ ਕੇ ਜਾਣ ਦੀ ਛੋਟ ਹੈ।