ਨਵੀਂ ਦਿੱਲੀ, (ਏਜੰਸੀ) : ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਦੇਸ਼ ਭਰ ਵਿਚ ਹੈਰਾਨੀਜਨਕ ਢੰਗ ਨਾਲ ਮਤਦਾਤਾ ਸੂਚੀਆਂ ਵਿਚੋਂ ਭਾਜਪਾ ਵਿਰੋਧੀ ਵੋਟ ਕੱਟ ਦਿਤੇ ਗਏ ਹਨ। ਨਾਲ ਹੀ, ਉਨ੍ਹਾਂ ਚੋਣ ਕਮਿਸ਼ਨ ਕੋਲ ਮਤਦਾਨ ਦੀ ਨਿਰਪੱਖਤਾ 'ਤੇ ਸਵਾਲ ਵੀ ਚੁੱਕੇ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਭਾਜਪਾ ਦੀ ਸੇਵਾ ਕਰ ਰਿਹਾ ਹੈ।
ਭਾਜਪਾ ਵਿਰੋਧੀ ਵੋਟਾਂ ਮਤਦਾਤਾ ਸੂਚੀ 'ਚੋਂ ਕਟੀਆਂ ਗਈਆਂ : ਕੇਜਰੀਵਾਲ ਕੇਜਰੀਵਾਲ ਨੇ ਟਵਿਟਰ 'ਤੇ ਉਨ੍ਹਾਂ ਲੋਕਾਂ ਨੂੰ ਟੈਗ ਕੀਤਾ ਜਿਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਜਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਮ ਮਤਦਾਤਾ ਸੂਚੀ ਵਿਚੋਂ ਕੱਟ ਦਿਤੇ ਗਏ ਹਨ। ਮੁੱਖ ਮੰਤਰੀ ਨੇ ਕਿਹਾ, ਚੋਣ ਕਮਿਸ਼ਨ ਕੀ ਹੋ ਰਿਹਾ ਹੈ? ਕੀ ਇਹ ਚੋਣਾਂ ਨਿਰਪੱਖ ਹਨ? ਦੇਸ਼ ਭਰ ਵਿਚੋਂ ਇਹ ਰੀਪੋਰਟ ਆ ਰਹੀ ਹੈ ਕਿ ਭਾਰੀ ਗਿਣਤੀ ਵਿਚ ਵੋਟਰਾਂ ਦੇ ਨਾਮ ਕੱਟ ਦਿਤੇ ਗਏ ਹਨ। ਆਖ਼ਰ ਕਿਉਂ ਨੁਕਸਦਾਰ ਈਵੀਐਮ ਹਮੇਸ਼ਾ ਹੀ ਭਾਜਪਾ ਨੂੰ ਵੋਟ ਦਿੰਦੀ ਹੈ? ਬਿਜ਼ਨਸ ਵਿਮਨ ਕਿਰਨ ਮਜੂਮਦਾਰ ਸ਼ਾਹ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਮਾਂ ਦਾ ਨਾਮ ਕੱਟ ਦਿਤਾ ਗਿਆ ਹੈ। ਉਨ੍ਹਾਂ ਕਿਹਾ, 'ਮੇਰੀ ਮਾਂ ਦਾ ਨਾਮ ਇਸ ਬਹਾਨੇ ਕੱਟ ਦਿਤਾ ਗਿਆ ਕਿ ਉਹ ਅਪਣੇ ਪਤੇ 'ਤੇ ਨਹੀਂ ਰਹਿ ਰਹੀ। ਉਹ ਕਿੰਨੀ ਪ੍ਰੇਸ਼ਾਨ ਹੈ। ਮੈਂ ਤੁਹਾਨੂੰ ਨਹੀਂ ਦੱਸ ਸਕਦੀ ਕਿਉਂਕਿ ਉਹ ਇਸ ਪਤੇ 'ਤੇ 19 ਸਾਲ ਤੋਂ ਰਹਿ ਰਹੀ ਹੈ।' ਕੇਜਰੀਵਾਲ ਨੇ ਬੈਡਮਿੰਟਨ ਖਿਡਾਰੀ ਜਵਾਲਾ ਗੱਟਾ ਦਾ ਸਟੇਟਸ ਵੀ ਪਾਇਆ ਜਿਸ ਵਿਚ ਉਨ੍ਹਾਂ ਇਕ ਵੋਟਰ ਦਾ ਪ੍ਰੋਫ਼ਾਈਲ ਸਾਂਝਾ ਕੀਤਾ ਹੈ ਜਿਸ ਨੇ ਅਪਣਾ ਨਾਮ ਕੱਟੇ ਜਾਣ ਦਾ ਦਾਅਵਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲਾ ਹੈ ਅਤੇ ਇਹ ਸਾਰੇ ਦੇਸ਼ ਵਿਚ ਹੋਇਆ ਹੈ।
|