ਨਵੀਂ ਦਿੱਲੀ : ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਦਸਿਆ ਕਿ ਕੋਰੋਨਾ ਵਾਇਰਸ ਲਾਗ ਦੇ ਮਾਮਲੇ ਦੁਗਣੇ ਹੋਣ ਦੀ ਦਰ ਪਿਛਲੇ ਤਿੰਨ ਦਿਨਾਂ ਵਿਚ ਸੁਧਰ ਕੇ 13.9 ਦਿਨ ਹੋ ਗਈ ਹੈ। ਦੇਸ਼ ਵਿਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 2549 ਹੋ ਗਏ ਹਨ ਅਤੇ ਲਾਗ ਦੇ ਕੁਲ ਮਾਮਲਿਆਂ ਦੀ ਗਿਣਤੀ 78003 ਹੋ ਗਈ ਹੈ। ਕੌਮੀ ਰੋਗ ਕੰਟਰੋਲ ਕੇਂਦਰ ਦੇ ਦੌਰੇ ਮਗਰੋਂ ਮੰਤਰੀ ਨੇ ਕਿਹਾ ਕਿ 14 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ।
ਤਿੰਨ ਦਿਨਾਂ ਵਿਚ ਮਾਮਲੇ ਦੁਗਣੇ ਹੋਣ ਦੇ ਸਮੇਂ ਵਿਚ ਸੁਧਾਰ
ਇਨ੍ਹਾਂ ਰਾਜਾਂ ਵਿਚ ਗੁਜਰਾਤ, ਤੇਲੰਗਾਨਾ, ਝਾਰਖੰਡ, ਚੰਡੀਗੜ੍ਹ, ਛੱਤੀਸਗੜ੍ਹ, ਅੰਡਮਾਨ, ਅਰੁਣਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਦਾਦਰ ਅਤੇ ਨਗਰ ਹਵੇਲੀ, ਗੋਆ, ਮਣੀਪੁਰ, ਮੇਘਾਲਿਆ ਅਤੇ ਪੁਡੂਚੇਰੀ ਸ਼ਾਮਲ ਹਨ। ਵੀਰਵਾਰ ਸਵੇਰ ਅੱਠ ਵਜੇ ਤਕ 24 ਘੰਟਿਆਂ ਵਿਚ ਕੋਰੋਨਾ ਵਾਇਰਸ ਨਾਲ ਮੌਤ ਦੇ 134 ਮਾਮਲੇ ਸਾਹਮਣੇ ਆਏ ਅਤੇ ਲਾਗ ਦੇ 3722 ਨਵੇਂ ਮਾਮਲੇ ਸਾਹਮਣੇ ਆਏ। 26235 ਲੋਕ ਇਸ ਬੀਮਾਰੀ ਨੂੰ ਮਾਤ ਦੇ ਚੁਕੇ ਹਨ। ਸਿਹਤ ਮੰਤਰਾਲੇ ਦੇ ਬਿਆਨ ਵਿਚ ਹਰਸ਼ਵਰਧਨ ਦੇ ਹਵਾਲੇ ਨਾਲ ਕਿਹਾ ਗਿਆ, 'ਇਹ ਖ਼ੁਸ਼ੀ ਦੀ ਗੱਲ ਹੈ ਕਿ ਪਿਛਲੇ ਤਿੰਨ ਦਿਨਾਂ ਵਿਚ ਕੋਰੋਨਾ ਵਾਇਰਸ ਲਾਗ ਦੇ ਮਾਮਲਿਆਂ ਦੀ ਦੁਗਣੇ ਹੋਣ ਦੀ ਦਰ ਸੁਧਰ ਕੇ 13.9 ਦਿਨ ਹੋ ਗਈ ਹੈ ਜੋ ਪਿਛਲੇ 14 ਦਿਨਾਂ ਵਿਚ 11.1 ਸੀ।' ਉਨ੍ਹਾਂ ਇਸ ਮੌਕੇ ਕੋਬਾਸ 6800 ਜਾਂਚ ਮਸ਼ੀਨਾਂ ਦੇਸ਼ ਨੂੰ ਸਮਰਪਿਤ ਕੀਤੀਆਂ। ਮੰਤਰੀ ਨੇ ਕਿਹਾ, 'ਅਸੀਂ ਹਰ ਰੋਜ਼ ਇਕ ਲੱਖ ਨਮੂਨਿਆਂ ਦੀ ਜਾਂਚ ਕਰਨ ਦੀ ਸਮਰੱਥਾ ਵਿਕਸਤ ਕਰ ਲਈ ਹੈ। ਅੱਜ ਅਹਿਮ ਦਿਨ ਹੈ ਕਿਉਂਕਿ ਅਸੀਂ ਹੁਣ ਤਕ ਦੇਸ਼ ਵਿਚ 500 ਤੋਂ ਜ਼ਿਆਦਾ ਲੈਬਾਂ ਵਿਚ ਕੋਵਿਡ-19 ਦੇ ਲਗਭਗ 20 ਲੱਖ ਨਮੂਨਿਆਂ ਦੀ ਜਾਂਚ ਕਰ ਲਈ ਹੈ।'