ਨੋਏਡਾ : ਤਾਲਾਬੰਦੀ ਕਾਰਨ ਬੇਰੁਜ਼ਗਾਰ ਹੋਏ ਮਜ਼ਦੂਰਾਂ ਨੇ ਸਨਿਚਰਵਾਰ ਸਵੇਰੇ ਗ੍ਰੇਟਰ ਨੋਏਡਾ ਦੇ ਡੇਲਟਾ ਮੈਟ੍ਰੌ ਸਟੇਸ਼ਨ ਦੇ ਕੋਲ ਹੰਗਾਮਾ ਕੀਤਾ ਅਤੇ ਬਸਾਂ ਰਾਹੀਂ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਭੇਜਣ ਦੀ ਮੰਗ ਕੀਤੀ। ਉਪ ਪੁਲਿਸ ਕਮਿਸ਼ਨ ਹੀਰਸ਼ ਚੰਦਰ ਨੇ ਦਸਿਆ ਕਿ ਪਿੰਡ ਬਿਰੋੜੀ 'ਚ ਰਹਿਣ ਵਾਲੇ ਮਜ਼ਦੂਰ ਸਵੇਰੇ ਡੇਲਟਾ ਮੈਟ੍ਰੋ ਸਟੇਸ਼ਨ ਦੇ ਕੋਲ ਵੱਡੀ ਗਿਣਤੀ 'ਚ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ। ਉਨ੍ਹਾਂ ਦਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆ ਨੇ ਮਜ਼ਦੂਰਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਸ਼ਾਂਤ ਕੀਤਾ ਅਤੇ ਵਿਸ਼ਵਾਸ਼ ਦਿਲਾਇਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਿੰਡ ਭੇਜਣ ਦੀ ਜਲਦ ਤੋਂ ਜਲਦ ਕੋਸ਼ਿਸ਼ ਕੀਤੀ ਜਾਏਗੀ। ਦਿਵਾਕਰ ਨਾਂ ਦੇ ਇਕ ਮਜ਼ਦੂਰ ਨੇ ਦਸਿਆ ਕਿ ਉਹ ਜਿਸ ਕੰਪਨੀ 'ਚ ਕੰਮ ਕਰਦਾ ਹੈ ਉਹ ਤਾਲਾਬੰਦੀ ਕਾਰਨ ਬੰਦ ਹੋਈ ਗਈ ਹੈ ਜਿਸ ਕਾਰਨ ਉਸਦੇ ਕੋਲ ਖਾਣ ਪੀਣ ਦਾ ਸਾਮਾਨ ਲੈਣ ਦੇ ਵੀ ਪੈਸੇ ਨਹੀਂ ਹੈ। ਉਸਨੇ ਕਿਹਾ ਕਿ ਮਕਾਨ ਮਾਲਕ ਉਸ 'ਤੇ ਕਿਰਾਏ ਲਈ ਵੀ ਦਬਾਅ ਪਾ ਰਿਹਾ ਹੈ। ਇਕ ਹੋਰ ਮਜ਼ਦੂਰ ਰੀਨਾ ਮਿਸ਼ਰਾ ਨੇ ਕਿਹਾ, 'ਮੇਰੇ ਛੋਟੇ ਛੋਟੇ ਬੱਚੇ ਹਨ। ਤਾਲਾਬੰਦੀ ਕਾਰਨ ਉਸ ਦੇ ਪਤੀ ਦੀ ਨੌਕਰੀ ਜਾ ਚੁੱਕੀ ਹੈ। ਬੱਚਿਆਂ ਲਈ ਖਾਣ ਪੀਣ ਦੀ ਵਿਵਸਥਾ ਨਹੀਂ ਹੋ ਪਾ ਰਹੀ ਹੈ। ਜੇਕਰ ਸਰਕਾਰ ਸਾਨੂੰ ਸਾਡੇ ਘਰ ਭੇਜ ਦਵੇ ਤਾਂ ਅਸੀਂ ਖੇਤੀਬਾੜੀ ਕਰ ਕੇ ਅਪਣੇ ਬੱਚਿਆਂ ਨੂੰ ਪਾਲ ਲਿਆਂਗੇ।''