ਨਵੀਂ ਦਿੱਲੀ : ਆਂਧਰਾ ਪ੍ਰਦੇਸ਼ 'ਚ ਲੋਕ ਸਭਾ ਚੋਣਾਂ 2019 ਦੇ ਨਾਲ ਵਿਧਾਨ ਸਭਾ ਦੀਆਂ ਸਾਰੀਆਂ 175 ਸੀਟਾਂ ਲਈ ਵੀ ਚੋਣਾਂ ਹੋ ਰਹੀਆਂ ਹਨ। ਖੇਤਰ 'ਚ ਜਨ ਸੈਨਾ ਪਾਰਟੀ ਦੇ ਵਿਧਾਨ ਸਭਾ ਉਮੀਦਵਾਰ ਮਧੂਸੂਦਨ ਗੁਪਤਾ ਨੇ ਪੋਲਿੰਗ ਬੂਥ 'ਚ ਦਾਖਲ ਹੋ ਕੇ ਮੀਡੀਆ ਦੇ ਸਾਹਮਣੇ ਈਵੀਐੱਮ ਤੋੜ ਦਿੱਤੀ। ਇਸ ਨਾਲ ਮਤਦਾਨ ਕੇਂਦਰ 'ਚ ਅਫਰਾ-ਤਫਰੀ ਮਚ ਗਈ।ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਉਮੀਦਵਾਰ ਮਧੂਸੂਦਨ ਗੁਪਤਾ ਕਿਸੇ ਗੱਲ ਨੂੰ ਲੈ ਕੇ ਨਾਰਾਜ਼ ਸਨ। ਗੁੱਸੇ 'ਚ ਉਹ ਅਨੰਤਪੁਰ ਜ਼ਿਲ੍ਹੇ ਦੇ ਗੂਟੀ ਪੋਲਿੰਗ ਬੂਥ 'ਚ ਦਾਖਲ ਹੋ ਗਏ ਤੇ ਈਵੀਐੱਮ ਨੂੰ ਤੋੜ ਦਿੱਤਾ। ਵੀਡੀਓ 'ਚ ਦਿਖ ਰਿਹਾ ਹੈ ਕਿ ਉਹ ਮੀਡੀਆ ਨਾਲ ਗੱਲ ਕਰਦਿਆਂ ਗੁੱਸੇ 'ਚ ਈਵੀਐੱਮ ਦੇ ਨਜ਼ਦੀਕ ਪਹੁੰਚਦੇ ਹਨ ਤੇ ਉਸ ਨੂੰ ਟੇਬਲ ਤੋਂ ਚੱਕ ਕੇ ਜ਼ਮੀਨ 'ਤੇ ਸੁੱਟ ਦਿੰਦੇ ਹਨ, ਜਿਸ ਨਾਲ ਮਸ਼ੀਨ ਕਾਫੀ ਨੁਕਸਾਨੀ ਗਈ। ਇਸ ਨਾਲ ਉਥੇ ਅਫਰਾ-ਤਫਰੀ ਮੱਚ ਗਈ। ਘਟਨਾ ਦੇ ਤੁਰੰਤ ਬਾਅਦ ਮਤਦਾਨ ਕੇਂਦਰ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਗੁਪਤਾ ਨੂੰ ਗ੍ਰਿਫਤਾਰ ਕਰ ਲਿਆ। ਆਂਧਰਾ ਪ੍ਰਦੇਸ਼ 'ਚ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਤਹਿਤ ਸਾਰੀਆਂ 25 ਲੋਕ ਸਭਾ ਸੀਟਾਂ ਤੇ ਸੂਬੇ ਦੀਆਂ ਸਾਰੀਆਂ 175 ਵਿਧਾਨ ਸਭਾ ਸੀਟਾਂ 'ਤੇ ਇਕੱਠਾ ਮਤਦਾਨ ਚੱਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਮਧੂਸੂਦਨ ਗੁਪਤਾ ਗੂਟੀ ਪੋਲਿੰਗ ਬੂਥ 'ਤੇ ਆਪਣਾ ਵੋਟ ਪਾਉਣ ਲਈ ਆਏ ਸਨ। ਇਸ ਦੌਰਾਨ ਉਹ ਚੋਣ ਮੁਲਾਜ਼ਮਾਂ ਤੋਂ ਨਾਰਾਜ਼ ਹੋ ਗਏ। ਉਨ੍ਹਾਂ ਦੀ ਸ਼ਿਕਾਇਤ ਸੀ ਕਿ ਵਿਧਾਨ ਸਭਾ ਤੇ ਲੋਕ ਸਭਾ ਖੇਤਰ ਦਾ ਨਾਮ ਸਹੀ ਤਰੀਕੇ ਨਾਲ ਪ੍ਰਦਰਸ਼ਿਤ ਨਹੀਂ ਕੀਤਾ ਗਿਆ ਸੀ। ਆਂਧਰਾ ਪ੍ਰਦੇਸ਼ 'ਚ ਕੁਲ 3 ਕਰੋੜ 93 ਲੱਖ 45 ਹਜ਼ਾਰ 717 ਮਤਦਾਤਾ ਹਨ, ਜੋ ਅੱਜ 319 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਖਾਸ ਗੱਲ ਇਹ ਹੈ ਕਿ ਇਸ ਸੂਬੇ 'ਚ ਪੁਰਸ਼ ਵੋਟਰਾਂ ਦੇ ਮੁਕਾਬਲੇ ਮਹਿਲਾ ਵੋਟਰਾਂ ਦੀ ਗਿਣਤੀ ਜ਼ਿਆਦਾ ਹੈ। ਇਥੇ ਪੁਰਸ਼ ਵੋਟਰ 1 ਕਰੋੜ 94 ਲੱਖ 62 ਹਜ਼ਾਰ 339 ਹਨ, ਜਦਕਿ ਮਹਿਲਾ ਵੋਟਰਾਂ ਦੀ ਗਿਣਤੀ 1 ਕਰੋੜ 98 ਲੱਖ 79 ਹਜ਼ਾਰ 421 ਹੈ।