ਔਰੰਗਾਬਾਦ : ਮਹਾਰਾਸ਼ਟਰ ਦੇ ਨਾਂਦੇੜ ਸਥਿਤ ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਗੁਰਦੁਆਰਾ ਲੰਗਰ ਸਾਹਿਬ ਨੂੰ ਸਥਾਨਕ ਪ੍ਰਸ਼ਾਸਨ ਵਲੋਂ ਸੀਲ ਕਰ ਦਿਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਥੋਂ ਪੰਜਾਬ ਗਏ ਸ਼ਰਧਾਲੂਆਂ ਦੇ ਹਿਕ ਜਥੇ ਦੇ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਪਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਨੇ ਇਹ ਕਦਮ ਚੁਕਿਆ। ਉੁਨ੍ਹਾਂ ਦਸਿਆ ਕਿ ਇਥੋਂ ਕਰੀਬ 250 ਕਿਲੋਮੀਟਰ ਦੂਰ ਨਾਂਦੇੜ ਦੇ ਗੁਰਦਵਾਰੇ ਤੋਂ ਪੰਜਾਬ ਗਏ ਜੱਥੇ ਦੇ 148 ਸ਼ਰਧਾਲੂਆਂ ਦੀ ਕੀਤੀ ਗਈ ਜਾਂਚ ਵਿਚ ਕੋਰੋਨਾ ਪ੍ਰਭਾਵਤ ਪਾਏ ਗਏ। ਅਧਿਕਾਰੀਆਂ ਨੇ ਕਿਹਾ ਕਿ ਸ਼ੁਕਰਵਾਰ ਤੋਂ ਗੁਰਦਵਾਰਾ ਅਤੇ ਲੰਗਰ ਨੂੰ ਸੀਲ ਕਰ ਦਿਤਾ ਗਿਆ ਹੈ। ਮਾਮਲੇ ਸਬੰਧੀ ਗੱਲ ਕਰਦਿਆਂ ਗੁਰਦਵਾਰੇ ਦੇ ਮੁਖੀ ਗੁਰਵਿੰਦਰ ਸਿੰਘ ਵਾਧਵਾ ਨੇ ਕਿਹਾ, '' ਅੱਜ ਸਵੇਰੇ ਜ਼ਿਲ੍ਹਾ ਅਤੇ ਨਿਗਮ ਪ੍ਰਸ਼ਾਸਨ ਦੇ ਅਧਿਕਾਰੀ ਗੁਰਦਵਾਰੇ ਵਿਚ ਆਏ ਅਤੇ ਇਸ ਨੂੰ ਬੰਦ ਕਰਨ ਦੇ ਨਾਲ ਹੀ ਲੰਗਰ ਸੇਵਾ ਵੀ ਰੋਕੇ ਜਾਣ ਦਾ ਆਦੇਸ਼ ਦਿਤਾ।'' ਵਾਧਵਾ ਨੇ ਕਿਹਾ ਕਿ ਇਥੋਂ ਪੰਜਾਬ ਗਏ ਜਥੇ ਦੇ ਸ਼ਰਧਾਲੂਆਂ ਦੀ ਉਥੇ ਸਰਕਾਰੀ ਹਸਪਤਾਲ ਵਿਚ ਕੋਰੋਨਾ ਵਾਇਰਸ ਦੀ ਜਾਂਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਵਿਚ ਕੋਈ ਲੱਛਣ ਵਿਖਾਈ ਨਹੀਂ ਦਿਤੇ ਸਨ। ਸ਼ਰਧਾਲੂ ਦੇਸ਼ ਦੇ ਸੱਭ ਤੋਂ ਪ੍ਰਭਾਵਤ ਮੱਧ ਪ੍ਰਦੇਸ਼ ਦੇ ਇੰਦੌਰ ਅਤੇ ਰਾਜਸਥਾਨ ਦੇ ਭੀਲਵਾੜਾ ਅਤੇ ਹਨੂੰਮਾਨਗੜ੍ਹ ਹੁੰਦੇ ਹੋਏ ਪੰਜਾਬ ਪਹੁੰਚੇ ਸਨ।