ਛੀਂਟਾਵਾਲਾ : ਇਕ ਪਾਸੇ ਦੇਸ਼ ਵਿੱਚ ਤਾਲਾਬੰਦੀ ਹੈ ਅਤੇ ਇਸ ਦੌਰਾਨ ਕਤਲੋਗਾਰਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਕ ਤਾਜ਼ਾ ਮਾਮਲਾ ਸਾਹਮਣੇੇੇੇ ਆਇਆ ਹੈ ਜਿੱਥੇ ਕਰਫਿਊ ਦੌਰਾਨ ਨਾਭਾ ਵਿਖੇ ਵੱਖ-ਵੱਖ ਕਤਲਾਂ ਨੇ ਪਿੰਡਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਪਹਿਲਾਂ ਕਤਲ ਨਾਭਾ ਬਲਾਕ ਦੇ ਪਿੰਡ ਸਾਧੋਹੇੜੀ ਵਿੱਚ ਪਿੰਡ ਦੇ ਹੀ ਜਿਗਰੀ ਦੋਸਤ ਤੇਜਿੰਦਰ ਸਿੰਘ ਉਰਫ ਕਾਕਾ ਨੇ ਆਪਣੇ ਦੋਸਤ ਜਾਫਰਦੀਨ ਖਾਨ ਦਾ ਗੋਲੀਆਂ ਮਾਰ ਕੇ ਉਸਦਾ ਘਰ ਵਿੱਚ ਹੀ ਕਤਲ ਕਰ ਦਿੱਤਾ।ਦੂਸਰਾ ਕਤਲ ਨਾਭਾ ਬਲਾਕ ਦੇ ਪਿੰਡ ਛੀਟਾਂਵਾਲਾ ਵਿਖੇ ਘਰੇਲੂ ਕਲੇਸ਼ ਦੇ ਚੱਲਦਿਆਂ ਪਤੀ ਬੱਲੂ ਰਾਮ ਨੇ ਆਪਣੀ ਪਤਨੀ ਰਾਣੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਸ ਹੁਣ ਵੱਖ-ਵੱਖ ਦੋਵੇਂ ਕਤਲ ਕੇਸਾਂ ਦੇ ਮੁਜਰਮਾਂ ਦੀ ਭਾਲ ਕਰਕੇ ਅਤੇ ਦੋਨਾਂ ਵਿਰੁੱਧ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਇਸ ਮੌਕੇ ਤੇ ਪਿੰਡ ਸਾਧੋਹੇੜੀ ਦੇ ਮ੍ਰਿਤਕ ਜਾਫਰਦੀਨ ਖ਼ਾ ਦੇ ਪਿਤਾ ਜਸਮੇਲ ਖਾਂ ਨੇ ਕਿਹਾ ਕਿ ਉਹ ਸਾਡੇ ਲੜਕੇ ਨਾਲ ਕਮਰੇ ਦੇ ਵਿੱਚ ਬੈਠਾ ਸੀ ਉਸ ਨੇ ਗੋਲੀ ਚਲਾ ਕੇ ਮੇਰੇ ਲੜਕੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਥੋਂ ਭੱਜ ਗਿਆ। ਮੈਨੂੰ ਕਤਲ ਦੇ ਕਾਰਨਾਂ ਦਾ ਬਿਲਕੁਲ ਵੀ ਨਹੀਂ ਪਤਾ। ਇਸ ਮੌਕੇ ਨਾਭਾ ਥਾਣਾ ਸਦਰ ਦੇ ਇੰਸਪੈਕਟਰ ਜੈਇੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਦੋਵੇਂ ਕਤਲਾਂ ਦੇ ਸਬੰਧ ਵਿੱਚ ਅਸੀਂ ਮਾਮਲਾ ਦਰਜ ਕਰਨਾ ਹੈ । ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜੀਆਂ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।