ਨਵੀਂ ਦਿੱਲੀ : ਦੇਸ਼ 'ਚ ਵੱਖ ਵੱਖ ਸੂਬਿਆਂ ਚ ਮਜ਼ਦੂਰ ਕਰ ਕੇ ਕਮਾਈ ਕਰਨ ਵਾਲੇ ਪਰਵਾਸੀ ਮਜ਼ਦੂਰ ਜੋ ਲੌਕਡਾਊਨ ਕਰ ਕੇ ਮੁਸੀਬਤ ਵਿੱਚ ਸਨ ਤੇ ਕਈ ਆਪਣੇ ਘਰਾਂ ਲਈ ਪੈਦਲ ਹੀ ਚੱਲ ਜਾਣਾ ਚਾਹੁੰਦੇ ਸਨ ਤੇ ਕਈ ਸਾਈਕਲਾਂ ਉੱਤੇ ਚੱਲ ਪਏ ਸਨ ਉਨ੍ਹਾਂ ਲਈ ਹੁਣ ਰਾਹਤ ਦੀ ਖ਼ਬਰ ਆਈ ਹੈ ਕਿ ਸਿਲਸਿਲੇਵਾਰ ਢੰਗ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਸੂਬੇ ਭੇਜਣ ਲਈ ਸਪੈਸ਼ਲ ਟ੍ਰੇਨਾਂ ਦਾ ਖ਼ਾਸ ਪ੍ਰਬੰਧ ਕੀਤਾ ਜਾਵੇਗਾ। ਅੱਜ ਜਾਰੀ ਕੀਤੇ ਆਦੇਸ਼ਾਂ ਮੁਤਾਬਿਕ ਕੇਂਦਰ ਸਰਕਾਰ ਨੇ ਇਸ ਗੱਲ ਦੀ ਇਜਾਜ਼ਤ ਦੇ ਦਿੱਤੀ ਹੈ। ਰੇਲ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਮਜ਼ਦੂਰ ਦਿਵਸ ਦੇ ਦਿਨ 'ਸ਼੍ਰਮਿਕ ਟ੍ਰੇਨਾਂ' ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਜ਼ਰੀਏ ਫਸੇ ਹੋਏ ਮਜ਼ਦੂਰਾਂ ਨੂੰ ਘਰ ਭੇਜਿਆ ਜਾਵੇਗਾ। ਗ੍ਰਹਿ ਮੰਤਰਾਲੇ ਨੇ ਆਦੇਸ਼ 'ਚ ਇਹ ਵੀ ਕਿਹਾ ਕਿ ਰੇਲ ਮੰਤਰਾਲਾ ਇਸ ਵਾਸਤੇ ਨੋਡਲ ਅਫ਼ਸਰ ਨਿਯੁਕਤ ਕਰੇਗਾ। ਯਾਤਰਾ ਤੋਂ ਪਹਿਲਾਂ ਸਭ ਦੀ ਮੈਡੀਕਲ ਜਾਂਚ ਕੀਤੀ ਜਾਵੇਗੀ। ਜੋ ਸਿਹਤਮੰਦ ਹੋਣਗੇ ਉਹੀ ਯਾਤਰਾ ਕਰ ਸਕਣਗੇ। ਇਨ੍ਹਾਂ ਲੋਕਾਂ ਨੂੰ ਰੇਲਵੇ ਸਟੇਸ਼ਨਾਂ ਤੇ ਲਿਆਉਣ ਲਈ ਸਰਕਾਰ ਸੋਸ਼ਲ ਡਿਸਟੇਨਸਿੰਗ ਦਾ ਖ਼ਿਆਲ ਰੱਖਦੇ ਹੋਏ ਇੰਤਜ਼ਾਮ ਕਰੇਗੀ ਤੇ ਸੈਨੀਟਾਈਜ਼ ਕਰ ਕੇ ਬੱਸਾਂ ਤਿਆਰ ਕੀਤੀਆਂ ਜਾਣਗੀਆਂ। ਰੇਲਵੇ ਨੇ ਸਾਫ਼ ਕੀਤਾ ਕਿ ਹਰ ਇੱਕ ਨੂੰ ਮਾਸਕ ਨਾਲ ਚਿਹਰਾ ਢਕਣਾ ਜ਼ਰੂਰੀ ਹੋਵੇਗਾ। ਉਨ੍ਹਾਂ ਦੇ ਖਾਣ ਪੀਣ ਦਾ ਇੰਤਜ਼ਾਮ ਉਨ੍ਹਾਂ ਨੂੰ ਭੇਜਣ ਵਾਲੀ ਸੂਬਾ ਸਰਕਾਰ ਸਟੇਸ਼ਨ ਤੇ ਕਰੇਗੀ ਇਹ ਨੋਡਲ ਅਫ਼ਸਰ ਸੂਬਾ ਸਰਕਾਰਾਂ ਨਾਲ ਸੰਪਰਕ ਰੱਖਣਗੇ।