ਕੋਰੋਨਾ ਵਾਇਰਸ ਮਹਾਂਮਾਰੀ ਨੂੰ ਠੱਲ ਪਾਉਣ ਦੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰਦਿਅਆਂ ਪੰਜਾਬ ਸਰਕਾਰ ਨੇ ਪੈਟਰੋਲ ਪੰਪ ਪ੍ਰਬੰਧਕਾਂ ਅਤੇ ਅਪਰੇਟਰਾਂ ਨੂੰ ਫਿਲਿੰਗ ਸਟੇਸ਼ਨਾਂ ਨੂੰ ਸਾਫ, ਸਵੱਛ ਅਤੇ ਰੋਗਾਣੂ-ਮੁਕਤ ਰੱਖਣ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਕਾਰ ਨੇ ਪੈਟਰੋਲ ਪੰਪ ਪ੍ਰਬੰਧਕਾਂ / ਅਪਰੇਟਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸਿਰਫ ਲੋੜੀਂਦੇ ਸਟਾਫ ਦੀ ਤਾਇਨਾਤੀ ਕਰਨ ਜਾਂ ਸਟਾਫ ਨੂੰ ਸ਼ਿਫਟਾਂ ਵਿਚ ਬੁਲਾਇਆ ਜਾਵੇ ਤਾਂ ਜੋ ਸਟਾਫ ਦੀ ਇਕੱਤਰਤਾ ਹੋਣ ਤੋਂ ਰੋਕੀ ਜਾ ਸਕੇ। ਬੁਲਾਰੇ ਨੇ ਅੱਗੇ ਕਿਹਾ ਹੈ ਕਿ ਤੇਜ਼ ਬੁਖਾਰ / ਖੰਘ / ਛਿੱਕਾਂ, ਸਾਹ ਲੈਣ ਵਿੱਚ ਤਕਲੀਫ ਤੋਂ ਪੀੜਤ ਕਰਮਚਾਰੀ ਨੂੰ ਸਵੈ-ਇੱਛਾ ਨਾਲ ਇਸ ਦੀ ਰਿਪੋਰਟ ਪੈਟਰੋਲ ਪੰਪ ਦੇ ਮੈਨੇਜਰ ਨੂੰ ਦੇਣੀ ਚਾਹੀਦੀ ਹੈ ਅਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮਜ਼ਦੂਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇੱਕ ਦੂਜੇ ਨੂੰ ਵਧਾਈ ਦੇਣ / ਮਿਲਣ ਸਮੇਂ ਹੱਥ ਨਾ ਮਿਲਾਉਣ ਅਤੇ ਜੱਫੀ ਨਾ ਪਾਉਣ। ਪੈਟਰੋਲ ਪੰਪ ਮਾਲਕਾਂ ਨੂੰ ਜਾਰੀ ਸਲਾਹ ਅਨੁਸਾਰ ਉਹ ਸਟਾਫ / ਵਰਕਰਾਂ ਅਤੇ ਆਉਣ ਵਾਲੇ ਗਾਹਕਾਂ ਲਈ ਪੈਰ ਨਾਲ ਚੱਲਣ ਵਾਲੀ ਹੱਥ ਧੋਣ ਵਾਲੀ ਮਸ਼ੀਨ ਦਾ ਬੰਦੋਬਸਤ ਕਰਨ।ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕੀਤੇ ਜਾਣ ਦੇ ਮੱਦੇਨਜ਼ਰ ਅਜਿਹੀਆਂ ਹੱਥ ਧੋਣ ਵਾਲੀਆਂ ਮਸ਼ੀਨਾ ਦੇ ਅੱਗੇ ਨਿਰਧਾਰਤ ਦੂਰੀ ਮੁਤਾਬਕ ਚੱਕਰ ਲਗਾਏ ਜਾਣ ਤਾਂ ਜੋ ਘੱਟੋ ਘੱਟ 1 ਮੀਟਰ ਦੀ ਦੂਰੀ ਬਰਕਰਾਰ ਰੱਖੀ ਜਾ ਸਕੇ। ਬੁਲਾਰੇ ਨੇ ਅੱਗੇ ਕਿਹਾ ਕਿ ਅਲਕੋਹਲ ਅਧਾਰਤ ਸੈਨੀਟਾਈਜ਼ਰ (ਘੱਟੋ ਘੱਟ 70% ਈਥਾਈਲ ਅਲਕੋਹਲ ਵਾਲਾ) ਸਟਾਫ / ਕਰਮਚਾਰੀਆਂ ਲਈ ਪੈਟਰੋਲ ਪੰਪਾਂ 'ਤੇ ਲਗਾਇਆ ਜਾਣਾ ਚਾਹੀਦਾ ਹੈ। ਘੱਟੋ-ਘੱਟ 3 ਐਮਐਲ ਸੈਨੀਟਾਈਜ਼ਰ (ਲਗਭਗ 2 ਵਾਰ ਦਬਾ ਕੇ ਕੱਢੋ) ਸੁੱਕੇ ਹੱਥਾਂ ਤੇ ਲਗਾਓ ਅਤੇ ਘੱਟੋ-ਘੱਟ 30 ਸੈਕਿੰਡ ਤੱਕ ਮਲ ਕੇ ਹੱਥ ਧੋਤੇ ਜਾਣ।ਮਾਲਕ / ਸਟਾਫ / ਕਰਮਚਾਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਘਰ ਤੋਂ ਬਾਹਰ ਨਿਕਲਣ ਤੋਂ ਲੈ ਕੇ ਵਾਪਸ ਘਰ ਵਿਚ ਦਾਖਲ ਹੋਣ ਤੱਕ ਕੱਪੜੇ ਦਾ ਮਾਸਕ ਪਹਿਨ ਕੇ ਰੱਖਣ। ਬੁਲਾਰੇ ਨੇ ਕਿਹਾ ਕਿ “ਸਟਾਫ / ਵਰਕਰਾਂ ਨੂੰ ਚਾਹ-ਬਰੇਕ / ਦੁਪਹਿਰ ਦੇ ਖਾਣੇ ਦੀ ਬਰੇਕ ਦੇ ਸਮੇਂ ਖਾਣ ਪੀਣ ਦੀਆਂ ਚੀਜ਼ਾ ਨੂੰ ਛੂਹਣ ਤੋਂ ਪਹਿਲਾਂ ਨਿਰਧਾਰਤ ਢੰਗ ਮੁਤਾਬਕ ਹੱਥ ਧੋਣ / ਰੋਗਾਣੂ-ਮੁਕਤ ਕਰਨ ਦੀ ਸਲਾਹ ਦਿੱਤੀ ਜਾਣੀ ਚਾਹੀਦੀ ਹੈ।