ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਸਰਕਾਰ ਕੋਲੋਂ ਪੀ. ਆਰ. ਟੀ. ਸੀ. ਦੇ ਡਰਾਈਵਰ ਮਨਜੀਤ ਸਿੰਘ ਨੂੰ ਕੋਰੋਨਾ ਜੰਗ ਦਾ 'ਸ਼ਹੀਦ' ਕਰਾਰ ਦਿੰਦਿਆਂ ਉਸ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੀ ਮੰਗ ਕੀਤੀ ਹੈ ਕਿਉਂਕਿ ਮਨਜੀਤ ਸਿੰਘ ਜਦੋਂ ਕੋਰੋਨਾ ਵਾਇਰਸ ਕਾਰਨ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਸ਼ਰਧਾਲੂਆਂ ਨੂੰ ਪੀ. ਆਰ. ਟੀ. ਸੀ. ਦੀ ਬੱਸ ਲੈ ਕੇ ਜਾ ਰਿਹਾ ਸੀ ਤਾਂ ਰਸਤੇ 'ਚ ਉਸ ਦੀ ਮੌਤ ਹੋ ਗਈ। ਮਾਨ ਨੇ ਕੈਪਟਨ ਸਰਕਾਰ 'ਤੇ 'ਕੋਰੋਨਾ ਯੋਧਿਆ' ਨੂੰ 50 ਲੱਖ ਰੁਪਏ ਦੇ ਬੀਮਾ ਕਵਰ ਦੇ ਐਲਾਨ ਤੋਂ 10 ਦਿਨਾਂ 'ਚ ਹੀ ਮੁਕਰਨ ਦਾ ਦੋਸ਼ ਲਗਾਉਂਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਅਗਲੇ 48 ਘੰਟਿਆਂ ਦੇ ਅੰਦਰ-ਅੰਦਰ ਡਰਾਈਵਰ ਮਨਜੀਤ ਦੇ ਪਰਿਵਾਰ ਨੂੰ ਪੂਰੀ 50 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਨਾ ਐਲਾਨੀ ਤਾਂ ਆਮ ਆਦਮੀ ਪਾਰਟੀ 'ਮਜ਼ਦੂਰ ਦਿਵਸ' 'ਤੇ 1 ਮਈ ਨੂੰ ਘਰਾਂ 'ਚ ਬੈਠ ਕੇ ਹੀ ਸੂਬਾ ਪੱਧਰੀ ਰੋਸ ਪ੍ਰਗਟ ਕਰਨ ਲਈ ਮਜਬੂਰ ਹੋਵੇਗੀ। ਭਗਵੰਤ ਮਾਨ ਨੇ ਪੱਤਰਕਾਰਾਂ ਸਮੇਤ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਸਮਾਜ ਸੇਵਾ 'ਚ ਜੁਟੇ ਯੋਧਿਆਂ ਨੂੰ ਵੀ ਵਿਸ਼ੇਸ਼ ਬੀਮਾ ਕਵਰ ਅਧੀਨ ਲਿਆਉਣ ਦੀ ਮੰਗ ਕੀਤੀ।