ਨਵੀਂ ਦਿੱਲੀ : ਚੋਣਾਂ ਦੌਰਾਨ ਕਾਂਗਰਸ ਦੇ ਰਾਸ਼ਟਰੀ ਸਕੱਤਰ ਤੇ ਬਿਹਾਰ ਦੇ ਸਹਿ ਇੰਚਾਰਜ ਤੇ ਗੁਜਰਾਤ ਦੇ ਰਾਧਨਪੁਰ ਤੋਂ ਪਾਰਟੀ ਵਿਧਾਇਕ ਅਲਪੇਸ਼ ਠਾਕੋਰ ਨੇ ਅੱਜ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਠਾਕੋਰ ਸੂਬੇ 'ਚ ਉਨ੍ਹਾਂ ਦੀ ਜਾਤੀ ਦੇ ਸੰਗਠਨ ਠਾਕੋਰ ਫੌਜ ਦੇ ਵੀ ਪ੍ਰਮੁੱਖ ਰਹੇ ਹਨ। ਸਮਝਿਆ ਜਾਂਦਾ ਹੈ ਕਿ ਉਹ ਪਾਟਨ ਲੋਕ ਸਭਾ ਸੀਟ ਤੋਂ ਟਿਕਟ ਚਾਹੁੰਦੇ ਸਨ ਤੇ ਪਾਰਟੀ ਨੇ ਉਥੋ ਜਗਦੀਸ਼ ਠਾਕੋਰ ਨੂੰ ਟਿਕਟ ਦੇ ਦਿੱਤਾ। ਇਸ ਨਾਲ ਉਹ ਕਾਫੀ ਨਾਰਾਜ਼ ਸਨ। ਕਾਂਗਰਸ ਨੇ ਕਈ ਹੋਰ ਵਿਧਾਇਕਾਂ ਨੂੰ ਗੁਜਰਾਤ 'ਚ ਵੱਖ-ਵੱਖ ਸੀਟਾਂ ਤੋਂ ਟਿਕਟ ਦਿੱਤਾ ਹੈ। ਠਾਕੋਰ ਦੇ ਪਾਰਟੀ ਛੱਡਣ ਦੀਆਂ ਅਟਕਲਾਂ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀਆਂ ਸਨ ਤੇ ਕੁੱਝ ਹੀ ਦਿਨ ਪਹਿਲਾਂ ਉਨ੍ਹਾਂ ਨੇ ਖੁਦ ਇਸ ਦਾ ਖੁਲਾਸਾ ਕੀਤਾ ਸੀ ਕਿ ਉਹ ਭਾਜਪਾ 'ਚ ਜਾਣ ਵਾਲੇ ਸਨ ਪਰ ਉਨ੍ਹਾਂ ਨੇ ਆਪਣੇ ਅੰਦੋਲਨ ਜਾਰੀ ਰੱਖਣ ਲਈ ਅਜਿਹਾ ਨਹੀਂ ਕੀਤਾ। ਅੱਜ ਹੀ ਉਨ੍ਹਾਂ ਦੇ ਸੰਗਠਨ ਠਾਕੋਰ ਫੌਜ ਦੀ ਕੋਰ ਕਮੇਟੀ ਦੀ ਬੈਠਕ 'ਚ ਕਾਂਗਰਸ ਤੋਂ ਸਮਰਥਨ ਵਾਪਸ ਲੈਣ ਦੀ ਗੱਲ ਕਹੀ ਗਈ ਸੀ। ਇਸੇ ਭਾਈਚਾਰੇ ਦੇ ਦੋ ਹੋਰ ਕਾਂਗਰਸੀ ਵਿਧਾਇਕਾਂ ਤੇ ਉਨ੍ਹਾਂ ਦੇ ਕਰੀਬੀ ਧਵਲ ਝਾਲਾ ਤੇ ਭਰਤਜੀ ਠਾਕੋਰ ਵੀ ਸਮਝਾ ਜਾਂਦਾ ਹੈ ਕਿ ਜਲਦ ਹੀ ਅਜਿਹਾ ਕੋਈ ਕਦਮ ਚੁੱਕ ਸਕਦੇ ਹਨ।