ਚੰਡੀਗੜ੍ਹ : ਮੁੱਖ ਮੰਤਰੀ ਨੇ ਕੋਵਿਡ-19 ਕਾਰਨ ਅਪਣੀ ਜਾਨ ਗਵਾਉਣ ਵਾਲੇ ਏ.ਸੀ.ਪੀ. ਅਨਿਲ ਕੋਹਲੀ ਦੇ ਛੋਟੇ ਲੜਕੇ ਨੂੰ ਉਸ ਦੀ ਗਰੈਜੂਏਸ਼ਨ ਮੁਕੰਮਲ ਹੋਣ ਤੋਂ ਬਾਅਦ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿਤੀ। 117 ਡੀ.ਐਸ.ਪੀਜ਼, 382 ਐਸ.ਐਚ.ਓਜ਼, ਏ.ਡੀ.ਜੀ.ਪੀਜ਼, ਆਈ.ਜੀਜ਼, ਐਸ.ਐਸ.ਪੀਜ਼ ਤੇ ਐਸ.ਪੀਜ਼ ਸਣੇ ਫ਼ੀਲਡ ਵਿਚ ਮੋਹਰੀ ਕਤਾਰ 'ਚ ਡਟੇ ਅਫ਼ਸਰਾਂ ਤੇ ਕਰਮਚਾਰੀਆਂ ਨਾਲ ਬੁੱਧਵਾਰ ਨੂੰ ਪਹਿਲੀ ਵੀਡੀਉ ਕਾਨਫ਼ਰੰਸ ਵਿਚ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦਸਿਆ ਕੀਤਾ ਕਿ ਏ.ਸੀ.ਪੀ. ਦੇ ਲੜਕੇ ਪਾਰਸ ਨੂੰ ਸ਼ਰਤ 'ਤੇ ਨਿਯੁਕਤੀ ਪੱਤਰ ਦੇ ਦਿਤਾ ਹੈ ਜਿਸ ਉਤੇ ਉਸ ਨੇ ਵੀ ਸਹੀ ਪਾ ਦਿਤੀ ਹੈ ਜਿਸ ਅਨੁਸਾਰ ਉਸ ਨੂੰ ਗਰੈਜੂਏਸ਼ਨ ਮੁਕੰਮਲ ਹੋਣ 'ਤੇ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਨਿਯੁਕਤ ਕਰ ਦਿਤਾ ਜਾਵੇਗਾ। ਡੀ.ਜੀ.ਪੀ. ਨੇ ਦਸਿਆ ਕਿ ਮੁੱਖ ਮੰਤਰੀ ਕੋਵਿਡ ਵਿਰੁਧ ਜੰਗ ਵਿਚ ਡਟੇ ਪੁਲਿਸ ਕਰਮੀਆਂ ਦੀ ਸਿਹਤ ਤੇ ਭਲਾਈ ਲਈ ਅਤਿਅੰਤ ਸਹਾਇਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਅਪਣੇ ਕਰਮੀਆਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਡੀ.ਜੀ.ਪੀ. ਨੇ ਦਸਿਆ ਕਿ ਉਨ੍ਹਾਂ ਸੂਬਾ ਸਰਕਾਰ ਨੂੰ ਇਹ ਪ੍ਰਸਤਾਵ ਦਿਤਾ ਹੈ ਕਿ ਜਿਹੜਾ ਪੁਲਿਸ ਕਰਮੀ ਕੋਵਿਡ-19 ਨਾਲ ਜਾਨ ਗਵਾਉਂਦਾ ਹੈ, ਉਸ ਦੇ ਪਰਵਾਰ ਨੂੰ ਉਸ ਦੀ ਸੇਵਾ ਮੁਕਤੀ ਵਾਲੇ ਦਿਨ ਤਕ ਪੈਨਸ਼ਨ ਵਜੋਂ ਪੂਰੀ ਤਨਖ਼ਾਹ ਦਿਤੀ ਜਾਵੇ।
ਡੀ.ਜੀ.ਪੀ. ਨੇ ਦਸਿਆ ਕਿ ਪੁਲਿਸ ਕਮਿਸ਼ਨਰਜ਼ ਤੇ ਐਸ.ਐਸ.ਪੀਜ਼ ਨੂੰ ਕਿਹਾ ਗਿਆ ਹੈ ਕਿ ਉਹ ਵਧੀਕ ਐਸ.ਐਚ.ਓਜ਼ ਦੀ ਸ਼ਨਾਖ਼ਤ ਕਰ ਲੈਣ ਤਾਂ ਜੋ ਇਸ ਲੰਮੀ ਚੱਲਣ ਵਾਲੀ ਲੜਾਈ ਲਈ ਲੋੜ ਵਾਸਤੇ ਮੌਜੂਦਾ ਐਸ.ਐਚ.ਓਜ਼ ਨੂੰ ਅਰਾਮ ਦਿਤਾ ਜਾ ਸਕੇ।