ਲੰਡਨ : ਬਰਤਾਨੀਆ 'ਚ ਕੋਰੋਨਾ ਹੋਣ ਦਾ ਡਰਾਮਾ ਕਰਨ ਅਤੇ ਪੁਲਿਸ 'ਤੇ ਥੁੱਕਣ ਵਾਲੇ ਭਾਰਤੀ ਮੂਲ ਦੇ ਨੌਜਵਾਨ ਨੂੰ 8 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਦੱਖਣੀ ਲੰਡਨ ਦੇ ਕ੍ਰੋਏਡੋਨ ਵਾਸੀ 23 ਸਾਲਾ ਕਰਨ ਸਿੰਘ ਨੂੰ ਕ੍ਰੋਏਡੋਨ ਕ੍ਰਾਊਨ ਅਦਾਲਤ 'ਚ ਹੋਈ ਸੁਣਵਾਈ ਤੋਂ ਬਾਅਦ ਪੁਲਿਸ ਮੁਲਾਜ਼ਮਾਂ 'ਤੇ ਥੁੱਕਣ, ਮਾੜਾ ਵਿਹਾਰ ਕਰਨ ਅਤੇ ਪਾਬੰਦੀ ਸ਼ੁਦਾ ਪਦਾਰਥ ਰੱਖਣ ਸਣੇ ਕਈ ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤਾ ਗਿਆ। ਦੱਸ ਦੇਈਏ ਕਿ 14 ਮਾਰਚ ਨੂੰ ਜਦੋਂ ਬਿਨਾਂ ਵਰਦੀ ਦੇ ਪੁਲਿਸ ਅਧਿਕਾਰੀ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੇ ਕਰਨ ਸਿੰਘ ਨੂੰ ਕ੍ਰੋਏਡੋਨ 'ਚ ਕਾਰ 'ਚ ਬੈਠਿਆਂ ਦੇਖਿਆ। ਉਸ 'ਤੇ ਸ਼ੱਕ ਪੈਣ 'ਤੇ ਅਧਿਕਾਰੀ ਉਸ ਕੋਲ ਗਏ ਤੇ ਜਦੋਂ ਉਹ ਉਸ ਨਾਲ ਗੱਲ ਰਹੇ ਸਨ ਤਾਂ ਉਨ੍ਹਾਂ ਨੂੰ ਕਾਰ ਅੰਦਰੋਂ ਭੰਗ ਦੀ ਮਹਿਕ ਆਈ। ਇਸ ਤੋਂ ਬਾਅਦ ਜਦੋਂ ਅਧਿਕਾਰੀਆਂ ਨੇ ਉਸ ਤੋਂ ਭੰਗ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਭੰਗ ਪੀ ਰਿਹਾ ਹੈ। ਇਸ ਤੋਂ ਬਾਅਦ ਉਹ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਦੱਖਣੀ ਲੰਡਨ ਦੇ ਇਕ ਪੁਲਿਸ ਥਾਣੇ ਲੈ ਗਏ, ਜਿੱਥੇ ਪੁੱਛਗਿੱਛ ਦੌਰਾਨ ਉਸ ਨੇ ਅਧਿਕਾਰੀਆਂ ਨਾਲ ਬਦਤਮੀਜ਼ੀ ਕੀਤੀ। ਇਸ ਦੌਰਾਨ ਉਸ ਨੇ ਇਕ ਅਧਿਕਾਰੀ ਦੇ ਮੂੰਹ 'ਤੇ ਥੁੱਕ ਦਿੱਤਾ ਅਤੇ ਉਸ ਨੂੰ ਕਿਹਾ ਕਿ ਉਹ ਕੋਰੋਨਾ ਪੌਜ਼ੀਟਿਵ ਹੈ। ਸਖ਼ਤੀ ਨਾਲ ਪੁੱਛਗਿੱਛ ਦੌਰਾਨ ਉਸ ਨੇ ਕੋਰੋਨਾ ਪੌਜ਼ੀਟਿਵ ਹੋਣ ਦੀ ਗੱਲ ਨੂੰ ਝੂਠ ਦੱਸਿਆ।