ਨਵੀਂ ਦਿੱਲੀ, (ਏਜੰਸੀ) : ਦਿੱਲੀ ਦੀ ਇਕ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਐਮਜੇ ਅਕਬਰ ਵਲੋਂ ਦਾਖ਼ਲ ਕੀਤੇ ਗਏ ਇਕ ਮੁਕੱਦਮੇ ਵਿਚ ਪੱਤਰਕਾਰ ਪ੍ਰਿਆ ਰਮਾਨੀ ਵਿਰੁਧ ਮਾਣਹਾਨੀ ਦਾ ਦੋਸ਼ ਤੈਅ ਕੀਤਾ ਹੈ। ਰਮਾਨੀ ਨੇ ਅਕਬਰ 'ਤੇ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਅਕਬਰ ਨੇ ਪੱਤਰਕਾਰ ਵਿਰੁਧ ਮਾਮਲਾ ਦਰਜ ਕਰਵਾਇਆ ਸੀ। ਅਦਾਲਤ ਵਿਚ ਪੇਸ਼ ਹੋਏ ਰਮਾਨੀ ਨੇ ਖ਼ੁਦ ਨੂੰ ਨਿਰਦੋਸ਼ ਦਸਿਆ ਅਤੇ ਕਿਹਾ ਕਿ ਉਹ ਇਸ ਮੁਕੱਦਮੇ ਦਾ ਸਾਹਮਣਾ ਕਰੇਗੀ। ਰਮਾਨੀ ਨੇ ਕਿਹਾ ਕਿ ਉਹ ਅਪਣੇ ਬਚਾਅ, ਲੋਕ ਹਿੱਤ ਵਿਚ ਭਰੋਸਾ ਬਣਾਈ ਰੱਖਣ ਲਈ ਸੱਚ ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਸੁਣਵਾਈ ਦੌਰਾਨ ਉਹ ਸਾਬਤ ਕਰੇਗੀ ਕਿ ਉਹ ਨਿਰਦੋਸ਼ ਹੈ। ਉਸ ਨੇ ਅਦਾਲਤ ਨੂੰ ਦਸਿਆ ਕਿ ਉਸ ਨੂੰ ਇਕ ਛੋਟੇ ਬੱਚੇ ਦੀ ਦੇਖਭਾਲ ਕਰਨੀ ਪੈ ਰਹੀ ਹੈ। ਇਸ ਤੋਂ ਬਾਅਦ ਅਦਾਲਤ ਨੇ ਰਮਾਨੀ ਨੂੰ ਨਿਜੀ ਰੂਪ ਨਾਲ ਹਾਜ਼ਰ ਰਹਿਣ ਤੋਂ ਸਥਾਈ ਛੋਟ ਦੇ ਦਿਤੀ। ਅਕਬਰ ਦੇ ਵਕੀਲ ਨੇ ਰਮਾਨੀ ਨੂੰ ਮਿਲੀ ਇਸ ਛੋਟ ਦਾ ਵਿਰੋਧ ਨਹੀਂ ਕੀਤਾ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਚਾਰ ਮਈ ਨੂੰ ਹੋਵੇਗੀ।
ਪਿਛਲੇ ਸਾਲ 17 ਅਕਤੂਬਰ ਨੂੰ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਅਕਬਰ ਨੇ ਭਾਰਤ ਵਿਚ ਮੀ ਟੂ ਮੁਹਿੰਮ ਦੌਰਾਨ ਸੋਸ਼ਲ ਮੀਡੀਆ 'ਤੇ ਅਪਣਾ ਨਾਂ ਆਉਣ ਤੋਂ ਬਾਅਦ ਰਮਾਨੀ ਵਿਰੁਧ ਅਪਰਾਧਕ ਮਾਣਹਾਨੀ ਦਾ ਮੁਕੱਦਮਾ ਦਾਖ਼ਲ ਕੀਤਾ ਸੀ। ਰਮਾਨੀ ਨੇ ਪੱਤਰਕਾਰ ਰਹਿਣ ਦੌਰਾਨ ਅਕਬਰ 'ਤੇ ਲਗਭਗ 20 ਸਾਲ ਪਹਿਲਾਂ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਜਿਸ ਨੂੰ ਅਕਬਰ ਨੇ ਪੂਰੀ ਤਰ੍ਹਾਂ ਰੱਦ ਕੀਤਾ ਸੀ।