ਨਵੀਂ ਦਿੱਲੀ : ਇੰਡੀਅਨ ਮੈਡੀਕਲ ਰਿਸਰਚ ਕੌਂਸਲ ਨੇ ਰਾਜਾਂ ਨੂੰ ਦੋ ਚੀਨੀ ਕੰਪਨੀਆਂ ਤੋਂ ਖ਼ਰੀਦੀਆਂ ਗਈਆਂ ਕੋਵਿਡ-19 ਰੈਪਿਡ ਐਂਟੀਬਾਡੀ ਜਾਂਚ ਕਿੱਟਾਂ ਦੀ ਵਰਤੋਂ ਰੋਕਣ ਅਤੇ ਉਨ੍ਹਾਂ ਨੂੰ ਵਾਪਸ ਕਰਨ ਲਈ ਕਿਹਾ ਹੈ ਤਾਕਿ ਇਹ ਕੰਪਨੀਆਂ ਨੂੰ ਵਾਪਸ ਭੇਜੀਆਂ ਜਾ ਸਕਣ।ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਸੋਮਵਾਰ ਨੂੰ ਭੇਜੀ ਗਈ ਸਲਾਹ ਪੱਤਰੀ ਵਿਚ ਆਈਸੀਐਮਆਰ ਨੇ ਕਿਹਾ ਕਿ ਉਸ ਨੇ 'ਵਿਆਂਗਝੋਉੂ ਵੋਂਦਫੋ ਬਾਇਉਟੈਕ ਅਤੇ ਝੁਹਾਈ ਲਿਵਸਨ ਡਾਇਗਨੋਸਟਿਕਸ ਦੀਆਂ ਕਿੱਟਾਂ ਦਾ ਖੇਤਰੀ ਹਾਲਤਾਂ ਮੁਤਾਬਕ ਵਿਸ਼ਲੇਸ਼ਣ ਕੀਤਾ ਹੈ। ਨਤੀਜਿਆਂ ਵਿਚ ਉਸ ਦੇ ਸੂਖਮ ਅਸਰ ਵਿਚ ਕਾਫ਼ੀ ਫ਼ਰਕ ਮਿਲਿਆ ਹੈ ਜਦਕਿ ਨਿਗਰਾਨੀ ਦੇ ਉਦੇਸ਼ ਤਹਿਤ ਇਸ ਦੇ ਚੰਗੇ ਪ੍ਰਦਰਸ਼ਨ ਦਾ ਵਾਅਦਾ ਕੀਤਾ ਗਿਆ ਸੀ।' ਕਿਹਾ ਗਿਆ ਹੈ, 'ਰਾਜਾਂ ਨੂੰ ਇਨ੍ਹਾਂ ਕਿੱਟਾਂ ਦੀ ਵਰਤੋਂ ਬੰਦ ਕਰਨ ਦੀ ਸਲਾਹ ਦਿਤੀ ਜਾਂਦੀ ਹੈ ਜਿਹੜੀਆਂ ਇਨ੍ਹਾਂ ਕੰਪਨੀਆਂ ਤੋਂ ਖ਼ਰੀਦੀਆਂ ਗਈਆਂ ਸਨ। ਸਿਹਤ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਆਈਸੀਐਮਆਰ ਨੇ ਕੁੱਝ ਸਪਲਾਈ ਹਾਸਲ ਕਰਨ ਮਗਰੋਂ ਖੇਤਰੀ ਸਥਿਤੀਆਂ ਵਿਚ ਇਨ੍ਹਾਂ ਕਿੱਟਾਂ ਦੀ ਗੁਣਵੱਤਾ ਦਾ ਅਧਿਐਨ ਕੀਤਾ ਹੈ। ਖ਼ਰਾਬ ਕਾਰਗੁਜ਼ਾਰੀ ਵਾਲੀਆਂ ਕਿੱਟਾਂ ਵਾਲੇ ਆਰਡਰ ਤੋਂ ਇਲਾਵਾ ਵੋਂਡਫ਼ੋ ਕੰਪਨੀ ਦੇ ਵਿਵਾਦਮਈ ਆਰਡਰ ਨੂੰ ਵੀ ਰੱਦ ਕਰ ਦਿਤਾ ਗਿਆ ਹੈ। ਮੰਤਰਾਲੇ ਨੇ ਕਿਹਾ, 'ਇਸ ਗੱਲ 'ਤੇ ਜ਼ੋਰ ਦਿਤਾ ਜਾਂਦਾ ਹੈ ਕਿ ਆਈਸੀਐਮਆਰ ਨੇ ਇਸ ਸਪਲਾਈ ਦੇ ਸਬੰਧ ਵਿਚ ਹੁਣ ਤਕ ਕੋਈ ਭੁਗਤਾਨ ਨਹੀਂ ਕੀਤਾ। 100 ਫ਼ੀ ਸਦੀ ਅਗਾਊਂ ਰਕਮ ਦੇ ਕੇ ਖ਼ਰੀਦ ਨਾ ਕਰਨ ਦੀ ਨੀਤੀ ਦੀ ਪਾਲਣਾ ਕੀਤੇ ਜਾਣ ਕਾਰਨ ਭਾਰਤ ਸਰਕਾਰ ਦਾ ਇਕ ਵੀ ਰੁਪਇਆ ਨਹੀਂ ਜਾਵੇਗਾ।'