Friday, November 22, 2024
 

ਰਾਸ਼ਟਰੀ

3 ਮਈ ਮਗਰੋਂ ਵੀ ਜਾਰੀ ਰਹੇਗੀ ਤਾਲਾਬੰਦੀ?

April 28, 2020 10:01 AM

ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਵਾਇਰਸ ਨਾਲ ਸਿੱਝਣ ਲਈ ਐਲਾਨੇ 40 ਦਿਨਾਂ ਦੇ ਲਾਕਡਾਊਨ ਦੇ ਆਖ਼ਰੀ ਹਫ਼ਤੇ ਵਿਚ ਦਾਖ਼ਲ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਅਤੇ ਕੋਰੋਨਾ ਵਿਰੁਧ ਦੇਸ਼ਵਿਆਪੀ ਮੁਹਿੰਮ ਨੂੰ ਜਾਰੀ ਰੱਖਣ ਦੇ ਨਾਲ ਹੀ ਦੇਸ਼ ਦੇ ਅਰਥਚਾਰੇ ਨੂੰ ਮਜ਼ਬੂਤ ਬਣਾਉਣ ਵਲ ਵੀ ਧਿਆਨ ਦੇਣ ਦੀ ਲੋੜ 'ਤੇ ਜ਼ੋਰ ਦਿਤਾ। ਮੋਦੀ ਨੇ ਕੋਰੋਨਾ ਵਾਇਰਸ ਦੀ ਲਾਗ ਦੀ ਮੌਜੂਦਾ ਹਾਲਤ ਅਤੇ ਲਾਗ 'ਤੇ ਕੰਟਰੋਲ ਲਈ ਜਾਰੀ ਤਾਲਾਬੰਦੀ ਨੂੰ ਪੜਾਅਵਾਰ ਢੰਗ ਨਾਲ ਹਟਾਉਣ ਦੇ ਤਰੀਕਿਆਂ ਬਾਰੇ ਚਰਚਾ ਲਈ ਵੀਡੀਉ ਕਾਨਫ਼ਰੰਸ ਜ਼ਰੀਏ ਬੈਠਕ ਵਿਚ ਮੁੱਖ ਮੰਤਰੀਆਂ ਨੂੰ ਉਕਤ ਗੱਲ ਕਹੀ। ਮੋਦੀ ਨੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਕੋਵਿਡ-19 ਦਾ ਖ਼ਤਰਾ ਦੂਰ-ਦੂਰ ਤਕ ਖ਼ਤਮ ਹੋਣ ਵਾਲਾ ਨਹੀਂ, ਇਸ ਲਈ ਲਗਾਤਾਰ ਚੌਕਸ ਰਹਿਣਾ ਬਹੁਤ ਅਹਿਮ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਸੰਕਟ ਦੀ ਸ਼ੁਰੂਆਤ ਮਗਰੋਂ 22 ਮਾਰਚ ਤੋਂ ਹਾਲੇ ਤਕ ਲਾਗ ਦੀ ਸਥਿਤੀ ਦੀ ਸਮੀਖਿਆ ਲਈ ਪ੍ਰਧਾਨ ਮੰਤਰੀ ਮੋਦੀ, ਰਾਜਾਂ ਦੇ ਮੁੱਖ ਮੰਤਰੀਆਂ ਨਾਲ ਚਾਰ ਵਾਰ ਵੀਡੀਉ ਕਾਨਫ਼ਰੰਸ ਜ਼ਰੀਏ ਬੈਠਕ ਕਰ ਚੁਕੇ ਹਨ।

ਕੋਰੋਨਾ ਵਿਰੋਧੀ ਮੁਹਿੰਮ ਅਤੇ ਅਰਥਚਾਰਾ ਦੋਵੇਂ ਅਹਿਮ : ਮੋਦੀ

ਪ੍ਰਧਾਨ ਮੰਤਰੀ ਨੇ ਕੀਤੀ ਮੁੱਖ ਮੰਤਰੀਆਂ ਨਾਲ ਗੱਲਬਾਤ, ਤਾਲਾਬੰਦੀ ਵਧਾਉਣ ਦੇ ਸੰਕੇਤ


ਕੋਰੋਨਾ ਵਾਇਰਸ ਦਾ ਖ਼ਤਰਾ ਦੂਰ-ਦੂਰ ਤਕ ਖ਼ਤਮ ਨਹੀਂ ਹੋਵੇਗਾ

 

ਸਰਕਾਰ ਦੁਆਰਾ ਜਾਰੀ ਬਿਆਨ ਮੁਤਾਬਕ ਬੈਠਕ ਵਿਚ ਮੋਦੀ ਨੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਕਿਹਾ, 'ਸਾਨੂੰ ਕੋਵਿਡ-19 ਵਿਰੁਧ ਲੜਾਈ ਵਿਚ ਅਰਥਵਿਵਸਥਾ ਨੂੰ ਵੀ ਬਰਾਬਰ ਅਹਿਮੀਅਤ ਦੇਣ ਦੀ ਲੋੜ ਹੈ।' ਉਨ੍ਹਾਂ ਮਹਾਂਮਾਰੀ ਦੀ ਮੌਜੂਦੀ ਸਥਿਤੀ ਤੋਂ ਮੁੱਖ ਮੰਤਰੀਆਂ ਨੂੰ ਜਾਣੂੰ ਕਰਾਉਂਦਿਆਂ ਰਾਜਾਂ ਵਿਚ ਪਛਾਣੇ ਗਏ ਲਾਗ ਪ੍ਰਭਾਵਤ ਇਲਾਕਿਆਂ ਵਿਚ ਕੇਂਦਰ ਸਰਕਾਰ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੀ ਅਹਿਮੀਅਤ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਾਲਾਬੰਦੀ ਦੇ ਸਾਰਥਕ ਨਤੀਜੇ ਨਿਕਲੇ ਹਨ ਅਤੇ ਪਿਛਲੇ ਲਗਭਗ ਡੇਢ ਮਹੀਨੇ ਵਿਚ ਤਾਲਾਬੰਦੀ ਦੌਰਾਨ ਦੇਸ਼ ਵਿਚ ਹਜ਼ਾਰਾਂ ਲੋਕਾਂ ਦੇ ਜੀਵਨ ਦੀ ਰਾਖੀ ਕੀਤੀ ਜਾ ਸਕੀ ਹੈ। ਮੋਦੀ ਨੇ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਹੁਣ ਤਕ ਦੇਸ਼ ਵਿਚ ਵੱਖ ਵੱਖ ਹਾਲਤਾਂ 'ਚ ਦੋ ਵਾਰ ਤਾਲਾਬੰਦੀ ਲਾਗੂ ਕੀਤੀ ਗਈ ਅਤੇ ਹੁਣ ਅਗਲੀ ਰਣਨੀਤੀ ਬਾਰੇ ਵਿਚਾਰ ਕਰਨਾ ਹੈ। ਉਨ੍ਹਾਂ ਮਾਹਰਾਂ ਦੀ ਰਾਏ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦਾ ਅਸਰ ਆਉਣ ਵਾਲੇ ਕਈ ਮਹੀਨਿਆਂ ਤਕ ਵਿਖਾਈ ਦਿੰਦਾ ਰਹੇਗਾ।
ਬੈਠਕ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਿਹਤ ਮੰਤਰੀ ਡਾ. ਹਰਸ਼ਵਰਧਨ ਤੋਂ ਇਲਾਵਾ ਪ੍ਰਧਾਨ ਮੰਤਰੀ ਦਫ਼ਤਰ ਦੇ ਅਧਿਕਾਰੀ ਵੀ ਮੌਜੂਦ ਸਨ। ਬੈਠਕ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੁਡੂਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਾਮੀ, ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ, ਉਤਰਾਖੰਡ ਦੇ ਮੁੱਖ ਮੰਤਰੀ ਤਿਰਵੇਂਦਰ ਸਿੰਘ ਰਾਵਤ, ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾ ਅਤੇ ਕੇਰਲਾ ਦੇ ਮੁੱਖ ਮੰਤਰੀ ਪੀ ਵਿਜਯਨ ਸਣੇ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨੇ ਹਿੱਸਾ ਲਿਆ।

 

Have something to say? Post your comment

 
 
 
 
 
Subscribe