ਇਸਲਾਮਾਬਾਦ (ਏਜੰਸੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਮੰਨਣਾ ਹੈ ਕਿ ਭਾਰਤ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿਚ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਰਟੀ ਭਾਜਪਾ ਜਿੱਤ ਦਰਜ ਕਰਦੀ ਹੈ ਤਾਂ ਭਾਰਤ ਨਾਲ ਸ਼ਾਂਤੀ ਦੀ ਗੱਲਬਾਤ ਅਤੇ ਕਸ਼ਮੀਰ ਮੁੱਦਾ ਹੱਲ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਹੋਣਗੀਆਂ। ਭਾਰਤ ਵਿਚ ਸੱਤ ਗੇੜ ਤਹਿਤ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਲ ਵੀਰਵਾਰ 11 ਅਪ੍ਰੈਲ ਤੋਂ ਪਹਿਲੇ ਗੇੜ ਦੀਆਂ ਵੋਟਾਂ ਪਾਈਆਂ ਜਾਣਗੀਆਂ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਜੇ ਭਾਜਪਾ ਜਿੱਤ ਦਰਜ ਕਰਦੀ ਹੈ ਤਾਂ ਕਸ਼ਮੀਰ ਸਬੰਧੀ ਕਿਸੇ ਸਮਝੌਤੇ 'ਤੇ ਪੁਜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਕੀ ਪਾਰਟੀਆਂ ਨੂੰ ਕਸ਼ਮੀਰ ਮੁੱਦੇ 'ਤੇ ਗੱਲਬਾਤ ਕਰਨ ਲਈ ਦਖਣ ਪੰਥੀ ਪ੍ਰਤੀਕਿਰਿਆ ਦਾ ਡਰ ਹੋਵੇਗਾ। ਖ਼ਾਨ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਕਸ਼ਮੀਰ ਇਕ ਵੱਡਾ ਮੁੱਦਾ ਹੈ।
- ਭਾਰਤ-ਪਾਕਿ ਵਿਚਾਲੇ ਵੱਡਾ ਮੁੱਦਾ ਹੈ ਕਸ਼ਮੀਰ
- ਅਤਿਵਾਦ ਵਿਰੁਧ ਕੀਤੀ ਜਾ ਰਹੀ ਹੈ ਸਖ਼ਤ ਕਾਰਵਾਈ
|
ਭਾਰਤ ਦਾ ਕਹਿਣਾ ਹੈ ਕਿ ਜੰਮੂ ਕਸ਼ਮੀਰ ਦਾ ਪੂਰਾ ਖੇਤਰ ਭਾਰਤ ਦਾ ਅਹਿਮ ਹਿੱਸਾ ਹੈ ਅਤੇ ਪਾਕਿਸਤਾਨ ਨੇ ਰਾਜ ਦੇ ਇਕ ਵੱਡੇ ਹਿੱਸੇ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਪਾਕਿਸਤਾਨ ਵਿਚ ਸਰਗਰਮ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਇਕ ਆਤਮਘਾਤੀ ਹਮਲਾਵਰ ਵਲੋਂ ਪੁਲਵਾਮਾ ਜ਼ਿਲ੍ਹੇ ਵਿਚ 14 ਫ਼ਰਵਰੀ ਨੂੰ ਸੀਆਰਪੀਐਫ਼ ਦੇ ਕਾਫ਼ਲੇ 'ਤੇ ਹਮਲਾ ਕਰਨ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਵਿਚਾਲੇ ਕਾਫ਼ੀ ਤਣਾਅ ਆ ਗਿਆ ਸੀ, ਜੋ ਹਾਲੇ ਵੀ ਬਣਿਆ ਹੋਇਆ ਹੈ। ਇਸ ਹਮਲੇ ਵਿਚ ਸੀਆਰਪੀਐਫ਼ ਦੇ ਲਗਭਗ 40 ਜਵਾਨ ਸ਼ਹੀਦ ਹੋ ਗਏ ਸਨ।
ਇਮਰਾਨ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਜੈਸ਼ ਸਮੇਤ ਸਾਰੇ ਅਤਿਵਾਦੀ ਸੰਗਠਨਾਂ ਵਿਰੁਧ ਸਖ਼ਤ ਕਾਰਵਾਈ ਕਰ ਰਿਹਾ ਹੈ। ਪਾਕਿਸਤਾਨ ਤੋਂ ਅਤਿਵਾਦੀਆਂ ਨੂੰ ਮਿਟਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਜੈਸ਼ ਵਰਗੇ ਅਤਿਵਾਦੀ ਸੰਗਠਨਾਂ ਤੋਂ ਹਥਿਆਰ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਗਠਨਾਂ ਦੇ ਮਦਰਸਿਆਂ ਨੂੰ ਸਰਕਾਰ ਨੇ ਅਪਣੇ ਕੰਟਰੋਲ ਵਿਚ ਲੈ ਲਿਆ ਹੈ। ਅਤਿਵਾਦੀ ਸੰਗਠਨਾਂ ਨੂੰ ਬਿਨਾਂ ਹਥਿਆਰ ਤੋਂ ਕਰਨ ਦਾ ਇਹ ਪਹਿਲਾ ਗੰਭੀਰ ਕਦਮ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਸੁਰੱਖਿਅਤ ਅਤੇ ਚੰਗੇ ਭਵਿੱਖ ਨੂੰ ਵੇਖਦੇ ਹੋਏ ਇਹ ਕਦਮ ਚੁਕਣੇ ਕਾਫ਼ੀ ਜ਼ਰੂਰੀ ਸਨ। ਇਮਰਾਨ ਖ਼ਾਨ ਨੇ ਇਸ ਗੱਲ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ ਕਿ ਆਲਮੀ ਭਾਈਚਾਰੇ ਨੇ ਅਜਿਹੀ ਕਾਰਵਾਈ ਕਰਨ ਲਈ ਪਾਕਿਸਤਾਨ 'ਤੇ ਦਬਾਅ ਬਣਾਇਆ ਸੀ।